ਇਟਲੀ ਤੋਂ ਭਾਰਤ ਆਉਣ ਦੇ ਇਛੁੱਕ ਲੋਕਾਂ ''ਚ ਨਾਰਾਜ਼ਗੀ, ਭਾਰਤ ਨੇ ਨਹੀਂ ਦਿੱਤੀ ਕੋਵਿਡ ਨਿਯਮਾਂ ''ਚ ਰਾਹਤ
Monday, Feb 14, 2022 - 02:25 PM (IST)
ਰੋਮ (ਕੈਂਥ)- ਕੋਰੋਨਾ ਦੀ ਬਿਹਤਰ ਹੁੰਦੀ ਸਥਿਤੀ ਕਾਰਨ ਵਿਦੇਸ਼ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ 14 ਫਰਵਰੀ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 82 ਦੇਸ਼ਾਂ ਦੇ ਯਾਤਰੀਆਂ ਨੂੰ ਬੋਰਡਿੰਗ ਤੋਂ 72 ਘੰਟੇ ਪਹਿਲਾਂ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਰਿਪੋਰਟ ਦੀ ਬਜਾਏ ਹੁਣ ਪੂਰਨ ਟੀਕਾਕਰਨ ਦਾ ਸਰਟੀਫਿਕੇਟ ਅਪਲੋਡ ਕਰਨ ਦੀ ਇਜਾਜ਼ਤ ਹੈ। ਹਾਲਾਂਕਿ 82 ਦੇਸ਼ਾਂ ਦੀ ਜਾਰੀ ਹੋਈ ਸੂਚੀ ਵਿਚ ਇਟਲੀ ਦਾ ਨਾਮ ਸ਼ਾਮਲ ਨਹੀਂ ਹੈ, ਜਿਸ ਕਾਰਨ ਉਹਨਾਂ ਲੋਕਾਂ ਵਿਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ ਜਿਹੜੇ ਭਾਰਤ ਜਾਣ ਦੇ ਇਛੁੱਕ ਹਨ।
ਇਟਲੀ ਸਰਕਾਰ ਨੇ ਭਾਰਤ ਦੀ ਵੈਕਸੀਨ ਕੋਵਿਡਸ਼ੀਲਡ ਨੂੰ ਮਾਨਤਾ ਵੀ ਦਿੱਤੀ ਹੋਈ ਹੈ, ਪਰ ਫਿਰ ਵੀ ਭਾਰਤ ਸਰਕਾਰ ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਵਿਚ ਇਟਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਈ ਰਾਹਤ ਨਹੀਂ ਹੈ ਅਤੇ ਉਹਨਾਂ ਨੂੰ ਭਾਰਤ ਜਾਣ ਲਈ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਹਾਲੇ ਵੀ ਦਿਖਾਉਣੀ ਪਏਗੀ।ਇਹਨਾਂ 82 ਦੇਸ਼ਾਂ ’ਚ ਉਹ ਸ਼ਾਮਲ ਹਨ, ਜਿਨ੍ਹਾਂ ਦਾ ਭਾਰਤ ਨਾਲ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਜਾਂ ਡਬਲਯੂ.ਐੱਚ.ਓ. ਤੋਂ ਮਾਨਤਾ ਪ੍ਰਾਪਤ ਟੀਕਿਆਂ ਦੇ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਦਾ ਸਮਝੌਤਾ ਹੈ।
ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਸਨ। ਇਟਲੀ ਤੋਂ ਭਾਰਤ ਜਾਣ ਵਾਲੇ ਕਈ ਯਾਤਰੀਆਂ ਵਿਚ ਇਹ ਭੰਬਲਭੂਸਾ ਸੀ ਕਿ ਭਾਰਤ ਜਾਣ ਸਮੇਂ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੈ ਜਾਂ ਨਹੀਂ। ਉਥੇ ਹੀ ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਂਬਾ ਨੇ ਇਟਲੀ ਤੋਂ ਭਾਰਤ ਜਾ ਰਹੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਭਾਰਤ ਜਾਣ ਸਮੇਂ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਆਪਣੇ ਕੋਲ ਜ਼ਰੂਰ ਰੱਖਣ ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ।