UAE ਦਾ ਇਨ੍ਹਾਂ ਸ਼ਰਤਾਂ 'ਤੇ ਕਰ ਸਕਦੇ ਹੋ ਹਵਾਈ ਸਫ਼ਰ, ਜਾਣੋ ਨਿਯਮ

09/23/2020 9:20:10 PM

ਦੁਬਈ/ਨਵੀਂ ਦਿੱਲੀ— ਇਸ ਮਹਾਮਾਰੀ ਦੇ ਦੌਰ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਸਫ਼ਰ ਕਰਨ ਦਾ ਇਰਾਦਾ ਹੈ ਤਾਂ ਤੁਹਾਨੂੰ ਉੱਥੇ ਜਾਣ ਲਈ ਨਿਯਮਾਂ ਦਾ ਪਤਾ ਹੋਣਾ ਜ਼ਰੂਰੀ ਹੈ। ਵੈਲਿਡ ਵੀਜ਼ਾ ਤਾਂ ਹੋਣਾ ਹੀ ਚਾਹੀਦਾ ਹੈ ਨਾਲ ਹੀ ਪਾਸਪੋਰਟ ਦੀ ਮਿਆਦ ਵੀ ਖ਼ਤਮ ਨਾ ਹੋਈ ਹੋਵੇ, ਇਸ ਤੋਂ ਇਲਾਵਾ ਕੋਰੋਨਾ ਕਾਲ 'ਚ ਹੋਰ ਵੀ ਬਹੁਤ ਕੁਝ ਬਦਲ ਚੁੱਕਾ ਹੈ, ਉਹ ਹੈ ਹਵਾਈ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਤੁਹਾਡੀ ਕੋਵਿਡ-19 ਟੈਸਟ ਰਿਪੋਰਟ।

ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਮੁਸਾਫ਼ਰਾਂ ਲਈ ਪੀ. ਸੀ. ਆਰ. ਨੈਗੇਟਿਵ ਰਿਪੋਰਟ ਨਾਲ ਲੈ ਕੇ ਚੱਲਣਾ ਪਹਿਲਾਂ ਤੋਂ ਹੀ ਲਾਜ਼ਮੀ ਹੈ। ਨਿਯਮਾਂ ਮੁਤਾਬਕ, ਟੈਸਟ ਦੇ ਨਤੀਜੇ ਹੱਥ ਲਿਖਤ ਨਹੀਂ ਹੋਣੇ ਚਾਹੀਦੇ ਅਤੇ ਨਾ ਹੀ ਕੋਈ ਕਟਿੰਗ ਹੋਣੀ ਚਾਹੀਦੀ ਹੈ। ਰਿਪੋਰਟ 'ਤੇ ਲੈਬ ਦੀ ਮੋਹਰ ਹੋਣੀ ਜ਼ਰੂਰੀ ਹੈ, ਜਿੱਥੋਂ ਟੈਸਟ ਕਰਾਇਆ ਗਿਆ ਹੋਵੇ। ਇਸ ਤੋਂ ਇਲਾਵਾ ਟੈਸਟ ਦੀ ਫੋਟੋ ਕਾਪੀ ਵੀ ਨਹੀਂ ਮੰਨੀ ਜਾਵੇਗੀ।

ਇਸ ਵਿਚਕਾਰ ਬੁੱਧਵਾਰ ਤੋਂ ਸ਼ਾਰਜਾਹ ਕੌਮਾਂਤਰੀ ਹਵਾਈ ਅੱਡੇ ਨੇ ਵੀ ਯਾਤਰੀਆਂ ਲਈ ਕੋਵਿਡ-19 ਸਬੰਧੀ ਪੀ. ਸੀ. ਆਰ. ਨੈਗੇਟਿਵ ਰਿਪੋਰਟ ਜ਼ਰੂਰੀ ਕਰ ਦਿੱਤੀ ਗਈ ਹੈ, ਜੋ 96 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਉੱਥੇ ਹੀ, ਦੁਬਈ ਇਕਨਾਮਿਕਸ (ਡੀ. ਈ. ਡੀ.) ਨੇ ਘੋਸ਼ਣਾ ਹੈ ਕੀਤੀ ਕਿ ਕੋਵਿਡ-19 ਸਾਵਧਾਨੀ ਦੇ ਉਪਾਵਾਂ ਦੀ ਪਾਲਣਾ ਨਾ ਕਰਨ ਵਾਲੇ ਗਾਹਕਾਂ ਨੂੰ ਦੁਬਈ ਦੀ ਕਿਸੇ ਵੀ ਦੁਕਾਨ ਜਾਂ ਵਪਾਰਕ ਅਦਾਰਿਆਂ 'ਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ।

UAE-ਭਾਰਤ ਵਿਚਕਾਰ ਏਅਰ ਬੱਬਲ-
ਇਸ ਸਮੇਂ ਭਾਰਤ ਦਾ 13 ਦੇਸ਼ਾਂ ਨਾਲ ਏਅਰ ਬੱਬਲ ਸਮਝੌਤਾ ਹੈ, ਜਿਨ੍ਹਾਂ 'ਚ ਯੂ. ਏ. ਈ. ਵੀ ਸ਼ਾਮਲ ਹੈ। ਇਸ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਵਿਚਕਾਰ ਸੀਮਤ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਯੂ. ਏ. ਈ. ਨਾਲ ਭਾਰਤ ਦਾ ਏਅਰ ਬੱਬਲ 31 ਅਕਤੂਬਰ 2020 ਤੱਕ ਲਈ ਹੈ। ਇਸ ਸਮਝੌਤੇ ਤਹਿਤ ਕੋਈ ਵੀ ਭਾਰਤੀ ਨਾਗਰਿਕ ਜਿਸ ਕੋਲ ਕਿਸੇ ਵੀ ਤਰ੍ਹਾਂ ਦਾ ਯੂ. ਏ. ਈ. ਦਾ ਵੈਲਿਡ ਵੀਜ਼ਾ ਹੈ ਅਤੇ ਸਿਰਫ ਯੂ. ਏ. ਈ. ਲਈ ਹੈ, ਨੂੰ ਉਡਾਣ ਭਰਨ ਦੀ ਮਨਜ਼ੂਰੀ ਹੈ ਪਰ ਹਵਾਈ ਜਹਾਜ਼ ਸੇਵਾ ਕੰਪਨੀ ਦੇਖੇਗੀ ਤੁਹਾਨੂੰ ਸੰਯੁਕਤ ਅਰਬ ਅਮੀਰਾਤ ਦੇ ਨਿਯਮਾਂ ਮੁਤਾਬਕ, ਉਡਾਣ ਭਰਨ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ।


Sanjeev

Content Editor

Related News