ਭਾਰਤ ਨੇ ਸ਼੍ਰੀਲੰਕਾ ਨੂੰ 90 ਕਰੋੜ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ
Friday, Jan 14, 2022 - 04:43 PM (IST)
ਕੋਲੰਬੋ (ਭਾਸ਼ਾ)- ਭਾਰਤ ਨੇ ਸ਼੍ਰੀਲੰਕਾ ਨੂੰ 90 ਕਰੋੜ ਡਾਲਰ ਤੋਂ ਵੱਧ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਅਤੇ ਭੋਜਨ ਦਰਾਮਦ ਕਰਨ ਵਿਚ ਮਦਦ ਮਿਲੇਗੀ। ਆਰਥਿਕ ਸੰਕਟ ਵਿਚੋਂ ਲੰਘ ਰਹੇ ਸ਼੍ਰੀਲੰਕਾ ਵਿਚ ਇਸ ਸਮੇਂ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਕੈਬਰਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਭਾਰਤ ਤੋਂ 1 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਲਈ ਗੱਲਬਾਤ ਕਰ ਰਿਹਾ ਹੈ।
ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਵੀਰਵਾਰ ਨੂੰ ਕੈਬਰਾਲ ਨਾਲ ਮੁਲਾਕਾਤ ਕੀਤੀ ਅਤੇ ‘ਪਿਛਲੇ ਹਫ਼ਤੇ ਆਰ.ਬੀ.ਆਈ. ਵੱਲੋਂ 90 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀਆਂ ਸਹੂਲਤਾਂ ਦੇ ਵਿਸਤਾਰ ਦੇ ਮੱਦੇਨਜ਼ਰ ਸ਼੍ਰੀਲੰਕਾ ਨੂੰ ਭਾਰਤ ਦੇ ਮਜ਼ਬੂਤ ਸਮਰਥਨ ਦਾ ਪ੍ਰਗਟਾਵਾ ਕੀਤਾ।’ ਇਕ ਟਵੀਟ ਵਿਚ ਕਿਹਾ, ‘ਇਨ੍ਹਾਂ ਵਿਚ ਏਸ਼ੀਆਈ ਕਲੀਅਰਿੰਗ ਐਸੋਸੀਏਸ਼ਨ ਦੇ 50.9 ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ ਦੇ ਸਮਝੌਤੇ ਨੂੰ ਮੁਲਤਵੀ ਕਰਨਾ ਅਤੇ 40 ਕਰੋੜ ਅਮਰੀਕੀ ਡਾਲਰ ਦੀ ਮੁਦਰਾ ਅਦਲਾ-ਬਦਲੀ ਸ਼ਾਮਲ ਹੈ।’ ਭਾਰਤ ਦੇ ਇਸ ਕਦਮ ’ਤੇ ਟਿੱਪਣੀ ਕਰਦੇ ਹੋਏ ਇੱਥੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤੀ ਸਹਾਇਤਾ ਦਸੰਬਰ ਦੇ ਅਖੀਰ ਵਿਚ ਐਲਾਨੇ ਗਏ ਵਿਦੇਸ਼ੀ ਮੁਦਰਾ ਭੰਡਾਰ ਨੂੰ ਦੁੱਗਣਾ ਕਰਨ ਵਿਚ ਯੋਗਦਾਨ ਪਾ ਸਕਦੀ ਹੈ।