ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਕੋਰੋਨਾ ਵੈਕਸੀਨ, UN ਅਧਿਕਾਰੀਆਂ ਨੇ ਕੀਤੀ ਤਾਰੀਫ਼
Wednesday, Mar 24, 2021 - 05:59 PM (IST)
ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੇ ਚੋਟੀ ਦੇ ਅਧਿਕਾਰੀਆਂ ਅਤੇ ਕਾਬੁਲ ਦੇ ਡਿਪਲੋਮੈਟਾਂ ਨੇ ਅਫਗਾਨਿਸਤਾਨ ਨੂੰ ਕੋਵਿਡ-19 ਟੀਕੇ ਦੇਣ ਦੇ ਭਾਰਤ ਦੇ ਕਦਮ ਦੀ ਤਾਰੀਫ਼ ਕੀਤੀ ਹੈ। ਟੀਕੇ ਮਿਲਣ ਦੇ ਨਾਲ ਹੀ ਜੰਗ ਨਾਲ ਪ੍ਰਭਾਵਿਤ ਅਫਗਾਨਿਸਤਾਨ ਵਿਚ ਜਾਨਲੇਵਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਅਫਗਾਨਿਸਤਾਨ ਵਿਚ ਵਿਸ਼ੇਸ਼ ਪ੍ਰਤੀਨਿਧੀ ਅਤੇ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐੱਨ.ਐੱਮ.ਏ.) ਦੇ ਪ੍ਰਮੁੱਖ ਦੇਵੋਰਾ ਲੌਇਨਜ਼ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਫਗਾਨਿਸਤਾਨ ਵਿਚ ਕੋਵਿਡ-19 ਲਾਗ ਦੀ ਬੀਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ।
ਅਫਗਾਨਿਸਤਾਨ 'ਤੇ ਸੁਰੱਖਿਆ ਪਰੀਸ਼ਦ ਦੀ ਬੈਠਕ ਵਿਚ ਉਹਨਾਂ ਨੇ ਕਿਹਾ,''ਸਾਨੂੰ ਸੰਭਾਵਿਤ ਤੀਜੀ ਲਹਿਰ ਦੇ ਪ੍ਰਤੀ ਸਾਵਧਾਨ ਰਹਿਣਾ ਹੋਵੇਗਾ। ਟੀਕਾਕਰਨ ਹੁਣ ਸ਼ੁਰੂ ਹੋ ਗਿਆ ਹੈ ਅਤੇ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਦਾਨ ਅਤੇ ਕੋਵੈਕਸ ਸੇਵਾ ਤੋਂ ਮਿਲੇ ਸਹਿਯੋਗ ਲਈ ਧੰਨਵਾਦ। ਟੀਕਾਕਰਨ ਮੁਹਿੰਮ ਅੱਗੇ ਵੱਧ ਰਹੀ ਹੈ ਅਤੇ ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਹ ਦੇਸ਼ ਭਰ ਵਿਚ ਤਰਜੀਹ ਵਾਲੇ ਸਮੂਹ ਤੱਕ ਪਹੁੰਚੇ।'' ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੀ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਅਬਦੇਲਾ ਰਾਜ ਨੇ ਵੀ ਕੋਵਿਡ-19 ਟੀਕਾ ਮੁੱਹਈਆ ਕਰਾਉਣ ਲਈ ਸੁਰੱਖਿਆ ਪਰੀਸ਼ਦ ਵਿਚ ਭਾਰਤ ਦਾ ਧੰਨਵਾਦ ਪ੍ਰਗਟ ਕੀਤਾ।
ਪੜ੍ਹੋ ਇਹ ਅਹਿਮ ਖਬਰ - ਯੂਕੇ : ਤਾਲਾਬੰਦੀ ਨੂੰ ਇੱਕ ਸਾਲ ਪੂਰਾ, ਕੋਰੋਨਾ ਕਾਰਨ ਵਿਛੜੀਆਂ ਰੂਹਾਂ ਨੂੰ ਕੀਤਾ ਗਿਆ ਯਾਦ
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਟੀ.ਐੱਸ. ਤਿਰੂਮੂਰਤੀ ਨੇ ਸੁਰੱਖਿਆ ਪਰੀਸ਼ਦ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਖਾਧ ਸੁਰੱਖਿਆ ਯਕੀਨੀ ਕਰਨ ਲਈ ਭਾਰਤ ਨੇ ਮਨੁੱਖੀ ਮਦਦ ਦੇ ਤੌਰ 'ਤੇ ਚਾਬਹਾਰ ਬੰਦਰਗਾਹ ਦੇ ਰਸਤੇ ਅਫਗਾਨਿਸਤਾਨ ਨੂੰ 75 ਹਜ਼ਾਰ ਮੀਟ੍ਰਿਕ ਟਨ ਕਣਕ ਭੇਜੀ ਹੈ। ਉਹਨਾਂ ਨੇ ਕਿਹਾ,''ਕੋਵਿਡ-19 ਮਹਾਮਾਰੀ ਦੌਰਾਨ ਅਫਗਾਨਿਸਤਾਨ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਭਾਰਤ ਵਿਚ ਬਣੇ ਕੋਵਿਡ-19 ਟੀਕੇ ਦੀਆਂ 9,68,000 ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ, ਜਿਹਨਾਂ ਵਿਚੋਂ 5 ਲੱਖ ਖੁਰਾਕਾਂ ਦੀ ਸਪਲਾਈ ਗ੍ਰਾਂਟ ਦੇ ਰੂਪ ਵਿਚ ਕੀਤੀ ਗਈ ਹੈ।'' ਇੱਥੇ ਦੱਸ ਦਈਏ ਕਿ ਭਾਰਤ ਨੇ 76 ਦੇਸ਼ਾਂ ਨੂੰ ਟੀਕੇ ਦੀ ਸਪਲਾਈ ਕਰਨੀ ਹੈ ਜਿਹਨਾਂ ਵਿਚੋਂ 35 ਤੋਂ ਵੱਧ ਦੇਸ਼ਾਂ ਨੂੰ ਟੀਕੇ ਦੀ ਸਪਲਾਈ ਕਰ ਦਿੱਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।