ਕੈਨੇਡਾ ਜਾਣ ਵਾਲਿਆਂ ਲਈ ਵੱਡੀ ਮੁਸੀਬਤ, ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੁਣ ਲੰਮਾ ਪੈਂਡਾ ਕਰਨਾ ਪਵੇਗਾ ਤੈਅ

Friday, Oct 20, 2023 - 10:05 AM (IST)

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਮੁਸੀਬਤ, ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੁਣ ਲੰਮਾ ਪੈਂਡਾ ਕਰਨਾ ਪਵੇਗਾ ਤੈਅ

ਇੰਟਰਨੈਸ਼ਨਲ ਡੈਸਕ- ਭਾਰਤ ਤੋਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਵੀਜ਼ਾ ਸੰਬੰਧੀ ਸੇਵਾਵਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਹਰਦੀਪ ਸਿੰਘ ਨਿੱਝਰ ਕਤਲ ਕੇਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਕਾਰਨ ਚੰਡੀਗੜ੍ਹ, ਮੁੰਬਈ, ਬੈਂਗਲੁਰੂ ਅਤੇ ਕੋਲਕਾਤਾ ਵਿਚ 4 ਕੌਂਸਲੇਟਾਂ ਵਿਚ ਕੈਨੇਡਾ ਲਈ ਵੀਜ਼ਾ ਸੇਵਾਵਾਂ ਬੰਦ ਹੋ ਗਈਆਂ ਹਨ, ਜਿਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਕੈਨੇਡਾ ਦੇ ਵੀਜ਼ਾ ਲਈ ਦਿੱਲੀ ਜਾਣਾ ਪਵੇਗਾ। ਇਨ੍ਹਾਂ ਵਿਚ ਸਭ ਤੋਂ ਵੱਡਾ ਝਟਕਾ ਉਨ੍ਹਾਂ ਪੰਜਾਬੀਆਂ ਨੂੰ ਲੱਗਾ ਹੈ, ਜਿਨ੍ਹਾਂ ਦੇ ਬੱਚੇ ਜਾਂ ਮਾਪੇ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਕੈਨੇਡਾ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਲਈ ਦਿੱਲੀ ਜਾਣਾ ਪਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਗਾ ਦੇ ਪਿੰਡ 'ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਹੋਈ ਮੌਤ

ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟਾਂ ਵਿੱਚੋਂ 41 ਨੂੰ ਹਟਾਇਆ ਗਿਆ

ਵੀਰਵਾਰ ਨੂੰ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟਾਂ ਵਿੱਚੋਂ 41 ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ 21 ਕੈਨੇਡੀਅਨ ਡਿਪਲੋਮੈਟ ਭਾਰਤ ਵਿੱਚ ਹੀ ਰਹਿਣਗੇ। ਜੌਲੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਗੁਆਉਣ ਦੇ ਖਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਭਾਰਤੀ ਡਿਪਲੋਮੈਟਾਂ ਨੂੰ ਅਜਿਹਾ ਕਰਨ ਲਈ ਧਮਕੀ ਨਹੀਂ ਦੇਵੇਗਾ। ਜੌਲੀ ਨੇ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਕੈਨੇਡਾ ਨੂੰ ਨਵੀਂ ਦਿੱਲੀ ਨੂੰ ਛੱਡ ਕੇ ਸਾਰੇ ਦਫ਼ਤਰਾਂ ਵਿੱਚ ਵਿਅਕਤੀਗਤ ਕੂਟਨੀਤਕ ਸੇਵਾਵਾਂ ਨੂੰ ਮੁਅੱਤਲ ਕਰਨਾ ਪਵੇਗਾ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਫਿਰ ਕੀਤੀ ਹਾਈਕੋਰਟ ’ਚ ਅਪੀਲ, ਕਿਹਾ- ਸਰਕਾਰ ਕਿਸੇ ਹੋਰ ਮਾਮਲੇ ’ਚ ਫਸਾ ਸਕਦੀ ਹੈ...

ਕੈਨੇਡਾ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਲੱਗੇਗਾ ਹੋਰ ਸਮਾਂ 

ਉਥੇ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਜ਼ਾ ਅਰਜ਼ੀ ਕੇਂਦਰ ਆਮ ਤੌਰ 'ਤੇ ਕੰਮ ਕਰਨਗੇ, ਕਿਉਂਕਿ ਉਹ ਤੀਜੀ ਧਿਰ ਵੱਲੋਂ ਚਲਾਏ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਹੁਣ ਵਾਧੂ ਸਮਾਂ ਲੱਗੇਗਾ। ਉਨ੍ਹਾਂ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਭਾਰਤ ਦੇ ਫੈਸਲੇ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ 'ਤੇ ਅਸਰ ਪਵੇਗਾ। ਬਦਕਿਸਮਤੀ ਨਾਲ, ਸਾਨੂੰ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਵਿੱਚ ਸਾਡੇ ਵਣਜ ਦੂਤਾਘਰਾਂ ਵਿੱਚ ਸਾਰੀਆਂ ਵਿਅਕਤੀਗਤ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ।" ਉਨ੍ਹਾਂ ਕਿਹਾ, "ਜਿਨ੍ਹਾਂ ਕੈਨੇਡੀਅਨਾਂ ਨੂੰ ਕੌਂਸਲਰ ਸਹਾਇਤਾ ਦੀ ਲੋੜ ਹੁੰਦੀ ਹੈ, ਉਹ ਅਜੇ ਵੀ ਦਿੱਲੀ ਵਿੱਚ ਸਾਡੇ ਹਾਈ ਕਮਿਸ਼ਨ ਦਾ ਦੌਰਾ ਕਰ ਸਕਦੇ ਹਨ ਅਤੇ ਤੁਸੀਂ ਅਜੇ ਵੀ ਫ਼ੋਨ ਅਤੇ ਈਮੇਲ ਰਾਹੀਂ ਵਿਅਕਤੀਗਤ ਤੌਰ 'ਤੇ ਅਜਿਹਾ ਕਰ ਸਕਦੇ ਹੋ।"

ਇਹ ਵੀ ਪੜ੍ਹੋ: ਅਮਰੀਕਨ ਸਿੱਖ ਮੇਅਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ

ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਵਿੱਚ ਸਨ ਕੈਨੇਡੀਅਨ ਡਿਪਲੋਮੈਟ 

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨਾਲ ਚੱਲ ਰਹੇ ਕੂਟਨੀਤਕ ਵਿਵਾਦ ਦੇ ਵਿਚਕਾਰ ਭਾਰਤ ਨੇ ਟਰੂਡੋ ਸਰਕਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਵਾਧੂ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਅਲਟੀਮੇਟਮ ਦਿੱਤਾ ਸੀ। ਪਿਛਲੇ ਹਫ਼ਤੇ 3 ਅਕਤੂਬਰ ਨੂੰ ਮੋਦੀ ਸਰਕਾਰ ਨੇ ਕਿਹਾ ਸੀ ਕਿ ਟਰੂਡੋ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਭਾਰਤ ਤੋਂ ਆਪਣੇ ਵਾਧੂ ਡਿਪਲੋਮੈਟ ਵਾਪਸ ਬੁਲਾ ਲੈਣੇ ਚਾਹੀਦੇ ਹਨ।ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੋਂ ਬਾਅਦ ਵੀ ਭਾਰਤ ਵਿੱਚ ਰਹਿੰਦੇ ਹਨ ਤਾਂ ਉਨ੍ਹਾਂ ਦੀ ਡਿਪਲੋਮੈਟਿਕ ਛੋਟ ਵਾਪਸ ਲੈ ਲਈ ਜਾਵੇਗੀ। ਉਥੇ ਹੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦਾ ਮੁੱਖ ਫੋਕਸ ਕੈਨੇਡਾ ਵਿੱਚ ਅਜਿਹਾ ਮਾਹੌਲ ਬਣਾਉਣਾ, ਜਿੱਥੇ ਭਾਰਤੀ ਡਿਪਲੋਮੈਟ ਬਿਨਾਂ ਕਿਸੇ ਡਰ ਦੇ ਸਹੀ ਢੰਗ ਨਾਲ ਕੰਮ ਕਰ ਸਕਣ।

ਇਹ ਵੀ ਪੜ੍ਹੋ: ਗਾਜ਼ਾ ਦੇ ਹਸਪਤਾਲ 'ਚ ਧਮਾਕਾ, ਸੈਂਕੜੇ ਲੋਕਾਂ ਦੀ ਮੌਤ, ਹਮਾਸ ਤੇ ਇਜ਼ਰਾਈਲ ਨੇ ਇਕ-ਦੂਜੇ ਸਿਰ ਮੜੇ ਦੋਸ਼

ਕੀ ਹੈ ਪੂਰਾ ਵਿਵਾਦ

ਦੱਸ ਦੇਈਏ ਕਿ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੈ। ਹਾਲਾਂਕਿ, ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦਾਅਵੇ ਦੇ ਸਮਰਥਨ ਲਈ ਕੈਨੇਡਾ ਨੇ ਅਜੇ ਤੱਕ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News