ਫਰਾਂਸ ਨੂੰ ਪਿੱਛੇ ਛੱਡ ਕੇ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਭਾਰਤ

07/11/2018 9:36:01 PM

ਪੈਰਿਸ— ਭਾਰਤ ਹੁਣ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਤੇ ਉਸ ਨੇ ਫਰਾਂਸ ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕੀਤਾ ਹੈ। ਫਰਾਂਸ ਹੁਣ ਸੱਤਵੇਂ ਸਥਾਨ 'ਤੇ ਹੈ ਤੇ ਇਹ ਜਾਣਕਾਰੀ ਵਰਲਡ ਬੈਂਕ ਦੇ ਸਾਲ 2017 ਦੇ ਲਈ ਜਾਰੀ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਸਾਲ ਭਾਰਤ ਦੀ ਜੀਡੀਪੀ ਕਰੀਬ 2.597 ਟ੍ਰਿਲੀਅਨ ਡਾਲਰ ਸੀ ਤੇ ਉਥੇ ਹੀ ਫਰਾਂਸੀ ਦੀ ਜੀਡੀਪੀ 2.582 ਟ੍ਰਿਲੀਅਨ ਡਾਲਰ ਰਿਕਾਰਡ ਕੀਤੀ ਗਈ। ਜੁਲਾਈ 2017 ਤੋਂ ਭਾਰਤ ਦੀ ਅਰਥਵਿਵਸਥਾ 'ਚ ਕੁਝ ਸੁਧਾਰ ਦੇਖਣ ਨੂੰ ਮਿਲੇ ਹਨ। ਕੁਝ ਛਮਾਹੀਆਂ ਤੱਕ ਜੀਡੀਪੀ ਦੀ ਰਫਤਾਰ ਹੌਲੀ ਰਹੀ ਤੇ ਇਸ ਦੇ ਲਈ ਮੋਦੀ ਸਰਕਾਰ ਦੇ ਕੁਝ ਫੈਸਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ।
ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼
ਰਿਪੋਰਟ ਦੇ ਮੁਤਾਬਕ ਭਾਰਤ ਦੀ ਆਬਾਦੀ ਕਰੀਬ 1.34 ਬਿਲੀਅਨ ਹੈ ਤੇ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲੀ ਦੇਸ਼ ਬਣਨ ਵੱਲ ਵਧ ਰਿਹਾ ਹੈ। ਉਥੇ ਫਰਾਂਸ ਦੀ ਆਬਦੀ ਸਿਰਫ 67 ਮਿਲੀਅਨ ਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਸਿਰਫ ਕੁਝ ਟੁਕੜਿਆਂ 'ਚ ਹੀ ਹੋਵੇਗੀ ਜਦਕਿ ਫਰਾਂਸ ਦੀ ਜੀਡੀਪੀ 20 ਗੁਣਾ ਜ਼ਿਆਦਾ ਹੋਵੇਗੀ। ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਭਾਰਤੀ ਅਰਥਵਿਵਸਥਾ ਦੇ ਲਈ ਮੈਨਿਊਫੈਕਚਰਿੰਗ ਤੇ ਉਪਭੋਗਤਾ ਖਰਚ ਅਹਿਮ ਸਾਬਿਤ ਹੋਏ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2016 'ਚ ਮੋਦੀ ਸਰਕਾਰ ਵਲੋਂ ਨੋਟਬੰਦੀ ਸਣੇ ਕਈ ਵੱਡੇ ਫੈਸਲੇ ਕੀਤੇ ਗਏ ਤੇ ਫਿਰ ਵੈਟ ਨੂੰ ਹਟਾ ਕੇ ਟੈਕਸ ਦਾ ਨਵਾਂ ਸਰੂਪ ਲਾਗੂ ਕੀਤਾ ਗਿਆ।
ਇਕ ਦਹਾਕੇ 'ਚ ਦੁਗਣੀ ਹੋਈ ਜੀਡੀਪੀ
ਰਿਪੋਰਟ ਦੀ ਮੰਨੀਏ ਤਾਂ ਭਾਰਤ ਦੀ ਜੀਡੀਪੀ ਪਿਛਲੇ ਇਕ ਦਹਾਕੇ 'ਚ ਦੁਗਣੀ ਹੋ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਭਾਰਤ ਏਸ਼ੀਆ 'ਚ ਮੁੱਖ ਆਰਥਿਕ ਦੇ ਤੌਰ 'ਤੇ ਅੱਗੇ ਵਧੇਗਾ। ਜਦਕਿ ਚੀਨ ਦੀ ਆਰਥਿਕ ਗਤੀ ਹੌਲੀ ਹੁੰਦੀ ਜਾ ਰਹੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਵਲੋਂ ਕਿਹਾ ਗਿਆ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਸਾਲ 7.4 ਫੀਸਦੀ ਦੀ ਦਰ ਨਾਲ ਤੇ ਸਾਲ 2019 'ਚ 7.8 ਫੀਸਦੀ ਦੀ ਦਰ ਨਾਲ ਅੱਗੇ ਵਧੇਗੀ। ਉਥੇ ਟੈਕਸ ਰਿਫਾਰਮ ਦੇ ਕਾਰਨ ਇਨਕਮ 'ਚ ਵਾਧਾ ਹੋਵੇਗਾ। ਉੱਧਰ ਜੇਕਰ ਦੁਨੀਆ ਦੀ ਜੀਡੀਪੀ ਦੀ ਤੁਲਨਾ ਕਰੀਏ ਤਾਂ ਇਹ 3.9 ਫੀਸਦੀ ਹੋਵੇਗੀ।
ਬ੍ਰਿਟੇਨ ਨੂੰ ਵੀ ਪਿੱਛੇ ਛੱਡੇਗਾ ਭਾਰਤ
ਲੰਡਨ ਸਥਿਤ ਇਕਨਾਮਿਕਸ ਐਂਡ ਬਿਜ਼ਨਸ ਰਿਸਰਚ ਸੈਂਟਰ ਵਲੋਂ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ ਤੱਕ ਭਾਰਤ, ਫਰਾਂਸ ਤੇ ਬ੍ਰਿਟੇਨ ਨੂੰ ਵੀ ਜੀਡੀਪੀ ਦੇ ਮਾਮਲੇ 'ਚ ਪਿੱਛੇ ਛੱਡ ਦੇਵੇਗਾ। ਇਸ ਦੇ ਕਾਰਨ ਸਾਲ 2032 ਤੱਕ ਭਾਰਤ ਦੇ ਕੋਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਮੌਕਾ ਹੋਵੇਗਾ। ਸਾਲ 2017 ਤੱਕ ਬ੍ਰਿਟੇਨ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਰਹੀ ਤੇ ਇਸ ਦੀ ਜੀਡੀਪੀ 2.622 ਟ੍ਰਿਲੀਅਨ ਡਾਲਰ ਦੀ ਰਹੀ। ਅਮਰੀਕਾ ਅਜੇ ਵੀ ਅਰਥਵਿਵਸਥਾ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਫਿਰ ਇਸ ਤੋਂ ਬਾਅਦ ਚੀਨ, ਜਾਪਾਨ ਤੇ ਫਿਰ ਜਰਮਨੀ ਦਾ ਨੰਬਰ ਆਉਂਦਾ ਹੈ।


Related News