ਭਾਰਤ ਅਤੇ ਅਮਰੀਕਾ ਅੰਦਰੂਨੀ ਸੁਰੱਖਿਆ ''ਤੇ ਮੁੜ ਗੱਲਬਾਤ ਕਰਨ ''ਤੇ ਸਹਿਮਤ
Wednesday, Mar 24, 2021 - 05:59 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ 8 ਸਾਲ ਬਾਅਦ ਭਾਰਤ ਨਾਲ ਅੰਦਰੂਨੀ ਸੁਰੱਖਿਆ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਗੱਲਬਾਤ ਦੌਰਾਨ ਦੋਵੇਂ ਦੇਸ਼ ਸਾਈਬਰ ਸੁਰੱਖਿਆ, ਵੱਧਦੇ ਅੱਤਵਾਦ ਅਤੇ ਕਈ ਅੰਦਰੂਨੀ ਮੁੱਦਿਆਂ 'ਤੇ ਚਰਚਾ ਕਰਨਗੇ। ਸਾਬਕਾ ਟਰੰਪ ਪ੍ਰਸ਼ਾਸਨ ਨੇ ਇਹ ਗੱਲਬਾਤ ਬੰਦ ਕਰ ਦਿੱਤੀ ਸੀ।
ਅਮਰੀਕੀ ਅੰਦਰੂਨੀ ਸੁਰੱਖਿਆ ਮੰਤਰੀ ਨੇ ਭਾਰਤੀ ਰਾਜਦੂਤ ਨਾਲ ਕੀਤੀ ਮੁਲਾਕਾਤ
ਇਹ ਘੋਸ਼ਣਾ ਉਦੋਂ ਕੀਤੀ ਗਈ ਹੈ ਜਦੋਂ ਇਕ ਦਿਨ ਪਹਿਲਾਂ ਅੰਦਰੂਨੀ ਸੁਰੱਖਿਆ ਮੰਤਰੀ ਅਲੈਜਾਂਦਰੋ ਮਯੋਰਕਸ ਨੇ ਸੋਮਵਾਰ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲ ਕੀਤੀ ਅਤੇ ਭਾਰਤ ਤੇ ਉਹਨਾਂ ਦੇ ਵਿਭਾਗ ਵਿਚਾਲੇ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ।
ਬਿਆਨ ਜਾਰੀ ਕਰ ਕੀਤਾ ਖੁਲਾਸਾ
ਮੰਗਲਵਾਰ ਨੂੰ ਜਾਰੀ ਬੈਠਕ ਦੇ ਵੇਰਵੇ ਮੁਤਾਬਕ, ਮਯੋਰਕਸ ਅਤੇ ਸੰਧੂ ਅਮਰੀਕਾ-ਭਾਰਤ ਅੰਦਰੂਨੀ ਸੁਰੱਖਿਆ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਅਤੇ ਸਾਈਬਰ ਸੁਰੱਖਿਆ, ਉਭਰਦੀ ਤਕਨਾਲੋਜੀ ਜਿਹੇ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਅਤੇ ਹਿੰਸਕ ਅੱਤਵਾਦ 'ਤੇ ਕਾਬੂ ਪਾਉਣ ਲਈ ਗੱਲ ਕਰਨ 'ਤੇ ਸਹਿਮਤ ਹੋ ਗਏ।ਮੰਤਰਾਲੇ ਵੱਲੋਂ ਕਿਸੇ ਵਿਦੇਸ਼ੀ ਰਾਜਦੂਤ ਨਾਲ ਮੰਤਰੀ ਦੀ ਬੈਠਕ ਦਾ ਵੇਰਵਾ ਜਾਰੀ ਕਰਨਾ ਆਮ ਗੱਲ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਦੀ ਟੀਮ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਬਾਈਡੇਨ ਭਾਰਤ ਨਾਲ ਸੰਬੰਧ ਵਧਾਉਣ ਦੇ ਚਾਹਵਾਨ
ਵੇਰਵੇ ਦੇ ਮੁਤਾਬਕ, ਗੱਲਬਾਤ ਵਿਚ ਦੋਹਾਂ ਨੇਤਾਵਾਂ ਨੇ ਬਾਈਡੇਨ ਪ੍ਰਸ਼ਾਸਨ ਵਿਚ ਹੋ ਰਹੀ ਕਵਾਡ ਸਮੇਤ ਸਕਾਰਾਤਮਕ ਹਿੱਸੇਦਾਰੀ 'ਤੇ ਜ਼ੋਰ ਦਿੱਤਾ। ਮਯੋਰਕਸ ਅਤੇ ਸੰਧੂ ਨੇ ਵਿਦਿਆਰਥੀਆਂ ਅਤੇ ਉੱਦਮੀਆਂ ਦੇ ਅਹਿਮ ਯੋਗਦਾਨ ਨੂੰ ਵੀ ਸਵੀਕਾਰ ਕੀਤਾ, ਜਿਸ ਨੇ ਦੋਹਾਂ ਦੇਸ਼ਾਂ ਨੂੰ ਮਜ਼ਬੂਤ ਬਣਾਇਆ।
2011 ਵਿਚ ਸ਼ੁਰੂ ਹੋਈ ਸੀ ਗੱਲਬਾਤ
ਇਹ ਗੱਲਬਾਤ ਸਭ ਤੋਂ ਪਹਿਲਾਂ ਮਈ 2011 ਵਿਚ ਓਬਾਮਾ ਪ੍ਰਸ਼ਾਸਨ ਵਿਚ ਸ਼ੁਰੂ ਹੋਈ। ਇਸ ਦੇ ਬਾਅਦ ਅੰਦਰੂਨੀ ਸੁਰੱਖਿਆ ਮੰਤਰੀ ਜੇਨੇਟ ਨੈਪੋਲਿਤਾਨੋ ਆਪਣੇ ਉਸ ਸਮੇਂ ਦੇ ਭਾਰਤੀ ਹਮਰੁਤਬਾ ਪੀ. ਚਿੰਦਬਰਮ ਨਾਲ ਗੱਲ ਕਰਨ ਲਈ ਭਾਰਤ ਗਈ ਸੀ। ਦੂਜੀ ਭਾਰਤ-ਅਮਰੀਕਾ ਅੰਦਰੂਨੀ ਸੁਰੱਖਿਆ ਗੱਲਬਾਤ 2013 ਵਿਚ ਵਾਸ਼ਿੰਗਟਨ ਡੀ.ਸੀ. ਵਿਚ ਹੋਈ ਸੀ।
ਨੋਟ- ਭਾਰਤ ਅਤੇ ਅਮਰੀਕਾ ਅੰਦਰੂਨੀ ਸੁਰੱਖਿਆ 'ਤੇ ਮੁੜ ਗੱਲਬਾਤ ਕਰਨ 'ਤੇ ਸਹਿਮਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।