ਇਹਨਾਂ ਦੇਸ਼ਾਂ ਨੂੰ ਹੈ ''ਕੋਰੋਨਾਵਾਇਰਸ'' ਤੋਂ ਸਭ ਤੋਂ ਵਧੇਰੇ ਖਤਰਾ, ਭਾਰਤ ਵੀ ਸ਼ਾਮਲ
Wednesday, Jan 29, 2020 - 02:40 PM (IST)

ਲੰਡਨ- ਚੀਨ ਵਿਚ ਤੇਜ਼ੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾਵਾਇਰਸ ਨਾਲ ਦੁਨੀਆਭਰ ਵਿਚ ਦਹਿਸ਼ਤ ਦਾ ਮਾਹੌਲ ਹੈ। ਚੀਨ ਦੇ ਇਸ ਵਾਇਰਸ ਦਾ ਕਹਿਰ ਦੂਜੇ ਦੇਸ਼ਾਂ 'ਤੇ ਵੀ ਵਧਦਾ ਜਾ ਰਿਹਾ ਹੈ। ਵਾਇਰਸ ਦ ਲਪੇਟ ਵਿਚ ਆਉਣ ਕਾਰਨ ਇਕੱਲੇ ਚੀਨ ਵਿਚ ਹੁਣ ਤੱਕ 132 ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾਵਾਈਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਖੋਜਕਾਰਾਂ ਨੇ 30 ਅਜਿਹੇ ਦੇਸ਼ਾਂ ਦੀ ਪਛਾਣ ਕੀਤੀ ਹੈ, ਜਿਥੇ ਇਸ ਵਾਇਰਸ ਦਾ ਸਭ ਤੋਂ ਵਧੇਰੇ ਜੋਖਿਮ ਹੈ।
ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਜੋਖਿਮ ਵਾਲੇ ਦੇਸ਼ਾਂ ਜਾਂ ਸ਼ਹਿਰਾਂ ਵਿਚ ਥਾਈਲੈਂਡ, ਜਾਪਾਨ ਤੇ ਹਾਂਗਕਾਂਗ ਸਭ ਤੋਂ ਉਪਰ ਹੈ। ਅਧਿਐਨ ਵਿਚ ਅਮਰੀਕਾ ਨੂੰ 6ਵੇਂ ਸਥਾਨ 'ਤੇ, ਆਸਟਰੇਲੀਆ ਨੂੰ 10ਵੇਂ, ਯੂਕੇ ਨੂੰ 17ਵੇਂ ਤੇ ਭਾਰਤ ਨੂੰ 23ਵੇਂ ਸਥਾਨ 'ਤੇ ਰੱਖਿਆ ਗਿਆ ਹੈ।
ਬੈਂਕਾਕ ਸਭ ਤੋਂ ਵਧੇਰੇ ਖਤਰੇ ਵਾਲਾ ਸ਼ਹਿਰ
ਯੂਨੀਵਰਸਿਟੀ ਆਫ ਸਾਊਥੈਂਪਟਨ ਦੀ ਵਰਲਡਪਾਪ ਟੀਮ ਦੀ ਇਕ ਰਿਪੋਰਟ ਤੋਂ ਪਤਾ ਲੱਗਿਆ ਕਿ ਬੈਂਕਾਕ ਵਰਤਮਾਨ ਵਿਚ ਸਭ ਤੋਂ ਵਧੇਰੇ ਖਤਰੇ ਵਾਲੇ ਸ਼ਹਿਰਾਂ ਵਿਚੋਂ ਇਕ ਹੈ। ਅਸਲ ਵਿਚ ਇਹ ਰਿਪੋਰਟ ਚੀਨ ਦੇ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਤੋਂ ਬੈਂਕਾਕ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਬਣਾਈ ਗਈ ਹੈ।
ਜਾਪਾਨ ਦੂਜੇ ਤੇ ਹਾਂਗਕਾਂਗ ਤੀਜੇ ਸਥਾਨ 'ਤੇ
30 ਹੋਰ ਵਧੇਰੇ ਖਤਰੇ ਵਾਲੇ ਅੰਤਰਰਾਸ਼ਟਰੀ ਸ਼ਹਿਰਾਂ ਵਿਚ ਦੂਜੇ ਨੰਬਰ 'ਤੇ ਜਾਪਾਨ ਹੈ ਤੇ ਤੀਜੇ ਸਥਾਨ 'ਤੇ ਹਾਂਗਕਾਂਗ ਹੈ। ਇਸ ਤੋਂ ਇਲਾਵਾ ਇਸ ਅਧਿਐਨ ਵਿਚ ਸਭ ਤੋਂ ਵਧੇਰੇ ਖਤਰੇ ਵਾਲੇ ਸ਼ਹਿਰਾਂ ਵਿਚ ਤਾਈਪੇਈ, ਸਿਡਨੀ, ਨਿਊਯਾਰਕ, ਲੰਡਨ ਨੂੰ ਸ਼ਾਮਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਸੇਂਗਜੇਈ ਲਾਈ ਨੇ ਦੱਸਿਆ ਕਿ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਅਸੀਂ ਮਹਾਮਾਰੀ 'ਤੇ ਨੇੜੇਓਂ ਨਜ਼ਰ ਰੱਖ ਰਹੇ ਹਾਂ।
132 ਲੋਕਾਂ ਦੀ ਹੋ ਚੁੱਕੀ ਹੈ ਮੌਤ
ਦੱਸ ਦਈਏ ਕਿ ਇਸ ਜਾਨਲੇਵਾ ਕੋਰੋਨਾਵਾਇਰਸ ਕਾਰਨ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਸ ਦੀ ਲਪੇਟ ਵਿਚ ਕਰੀਬ 6 ਹਜ਼ਾਰ ਲੋਕ ਦੱਸੇ ਜਾ ਰਹੇ ਹਨ। ਚੀਨੀ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਤੱਕ 31 ਇਲਾਕਿਆਂ ਵਿਚ ਕੋਰੋਨਾਵਾਇਰਸ ਦੇ ਕਾਰਨ ਨਿਮੋਨੀਆ ਦੇ 5974 ਮਾਮਲਿਆਂ ਦੀ ਪੁਸ਼ਟੀ ਹੋਈ ਹੈ।