ਭਾਰਤ ਦਾ Light Weight "ਜ਼ੋਰਾਵਰ ਟੈਂਕ" ਬਣੇਗਾ ਚੀਨ ​​ਦਾ ਕਾਲ; ਜਾਣੋ ਫੌਜ 'ਚ ਕਦੋਂ ਹੋਵੇਗਾ ਸ਼ਾਮਲ (ਵੀਡੀਓ)

Sunday, Jul 07, 2024 - 02:33 PM (IST)

ਇੰਟਰਨੈਸ਼ਨਲ ਡੈਸਕ : ਭਾਰਤ ਦਾ ਜ਼ੋਰਾਵਰ ਟੈਂਕ ਜਲਦ ਹੀ ਫੌਜ 'ਚ ਸ਼ਾਮਲ ਹੋਵੇਗਾ, ਜੋ ਚੀਨ ਦਾ ਕਾਲ ਬਣ ਸਕਦਾ ਹੈ। ਜ਼ੋਰਾਵਰ ਇੱਕ ਹਲਕੇ ਭਾਰ ਵਾਲਾ ਟੈਂਕ ਹੈ, ਜਿਸ ਨੂੰ ਲੱਦਾਖ ਵਰਗੇ ਉੱਚਾਈ ਵਾਲੇ ਖੇਤਰਾਂ ਵਿੱਚ ਭਾਰਤੀ ਸੈਨਾ ਨੂੰ ਬਿਹਤਰ ਸਮਰੱਥਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਵਜ਼ਨ ਸਿਰਫ਼ 25 ਟਨ ਹੈ, ਜੋ ਕਿ ਟੀ-90 ਵਰਗੇ ਭਾਰੀ ਟੈਂਕਾਂ ਦਾ ਅੱਧਾ ਭਾਰ ਹੈ, ਜਿਸ ਨਾਲ ਇਹ ਔਖੇ ਪਹਾੜੀ ਇਲਾਕਿਆਂ ਵਿੱਚ ਕੰਮ ਕਰ ਸਕਦਾ ਹੈ ਜਿੱਥੇ ਵੱਡੇ ਟੈਂਕ ਨਹੀਂ ਪਹੁੰਚ ਸਕਦੇ।

ਇਸ ਦਾ ਨਾਂ 19ਵੀਂ ਸਦੀ ਦੇ ਡੋਗਰਾ ਜਨਰਲ ਜ਼ੋਰਾਵਰ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸਨੇ ਲੱਦਾਖ ਅਤੇ ਪੱਛਮੀ ਤਿੱਬਤ ਵਿੱਚ ਫੌਜੀ ਮੁਹਿੰਮਾਂ ਦੀ ਅਗਵਾਈ ਕੀਤੀ ਸੀ। ਉੱਚੀ ਉਚਾਈ ਵਾਲੇ ਇਲਾਕਿਆਂ ਲਈ ਹਲਕੇ ਟੈਂਕਾਂ ਦੀ ਲੋੜ ਫ਼ੌਜ ਵਿੱਚ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਹਲਕੇ ਭਾਰ ਵਾਲੇ ਟੈਂਕ ਜ਼ੋਰਾਵਰ ਭਾਰਤੀ ਫੌਜ ਵਿੱਚ ਸ਼ਾਮਲ ਹੋਣਗੇ।

 

ਸਾਲ 2020 ਵਿੱਚ ਗਲਵਾਨ ਵਿੱਚ ਚੀਨ ਨਾਲ ਹੋਈ ਖੂਨੀ ਝੜਪ ਤੋਂ ਬਾਅਦ, ਭਾਰਤੀ ਫੌਜ ਨੂੰ ਉੱਚੇ ਪਹਾੜੀ ਖੇਤਰਾਂ ਲਈ ਹਲਕੇ ਟੈਂਕਾਂ ਦੀ ਲੋੜ ਸੀ। ਉਸ ਸਮੇਂ ਚੀਨ ਨੇ ਆਪਣੇ ਕਬਜ਼ੇ ਵਾਲੇ ਤਿੱਬਤ ਨਾਲ ਲੱਗਦੀ ਲੱਦਾਖ ਸਰਹੱਦ 'ਤੇ ZTQ T-15 ਲਾਈਟ ਟੈਂਕ ਤਾਇਨਾਤ ਕੀਤੇ ਸਨ। ਜਿਸ ਤੋਂ ਬਾਅਦ ਭਾਰਤ ਵੀ ਅਜਿਹੇ ਹਲਕੇ ਟੈਂਕ ਚਾਹੁੰਦਾ ਸੀ। ਪਰ ਭਾਰਤ ਨੂੰ ਟੀ-72 ਵਰਗੇ ਭਾਰੀ ਟੈਂਕ ਤਾਇਨਾਤ ਕਰਨੇ ਪਏ। ਭਾਰਤੀ ਫੌਜ ਨੇ ਲਗਭਗ 200 ਟੈਂਕਾਂ ਨੂੰ ਲੱਦਾਖ ਲਈ ਏਅਰਲਿਫਟ ਕੀਤਾ ਸੀ। ਸ਼ਨੀਵਾਰ ਨੂੰ, ਡੀਆਰਡੀਓ ਨੇ ਗੁਜਰਾਤ ਦੇ ਹਜ਼ੀਰਾ ਵਿੱਚ ਆਪਣੇ ਲਾਈਟ ਬੈਟਲ ਟੈਂਕ ਜ਼ੋਰਾਵਰ ਐਲਟੀ ਦੀ ਇੱਕ ਝਲਕ ਦਿਖਾਈ। ਡੀਆਰਡੀਓ ਨੇ ਇਸ ਟੈਂਕ ਨੂੰ ਲਾਰਸਨ ਐਂਡ ਟਰਬੋ ਨਾਲ ਮਿਲ ਕੇ ਤਿਆਰ ਕੀਤਾ ਹੈ।

ਇਸ ਦੌਰਾਨ ਸ਼ਨੀਵਾਰ ਨੂੰ ਡੀਆਰਡੀਓ ਦੇ ਮੁਖੀ ਡਾਕਟਰ ਸਮੀਰ ਵੀ ਕਾਮਤ ਨੇ ਇਸ ਟੈਂਕ ਦਾ ਜਾਇਜ਼ਾ ਲਿਆ। ਖਾਸ ਗੱਲ ਇਹ ਹੈ ਕਿ ਇਸ ਟੈਂਕ ਨੂੰ ਰਿਕਾਰਡ ਦੋ ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦਾ ਟਰਾਇਲ ਜਲਦੀ ਹੀ ਲੱਦਾਖ ਵਿੱਚ ਸ਼ੁਰੂ ਕੀਤਾ ਜਾਵੇਗਾ, ਜੋ ਕਿ ਅਗਲੇ 12-18 ਮਹੀਨਿਆਂ ਵਿੱਚ ਪੂਰਾ ਹੋਣ ਦੀ ਉਮੀਦ ਹੈ। ਖਾਸ ਗੱਲ ਇਹ ਹੈ ਕਿ ਭਾਰਤ ਹੁਣ ਰੱਖਿਆ ਉਪਕਰਨਾਂ ਦੇ ਮਾਮਲੇ 'ਚ ਆਤਮਨਿਰਭਰ ਹੋ ਰਿਹਾ ਹੈ। ਭਾਰਤ ਹੁਣ ਆਪਣਾ ਰੱਖਿਆ ਉਪਕਰਨ ਬਣਾ ਰਿਹਾ ਹੈ। ਡੀਆਰਡੀਓ ਦੇ ਮੁਖੀ ਡਾਕਟਰ ਕਾਮਤ ਨੇ ਉਮੀਦ ਪ੍ਰਗਟਾਈ ਕਿ ਸਾਰੇ ਟਰਾਇਲਾਂ ਤੋਂ ਬਾਅਦ ਇਸ ਟੈਂਕ ਨੂੰ ਸਾਲ 2027 ਤੱਕ ਭਾਰਤੀ ਸੈਨਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।


Harinder Kaur

Content Editor

Related News