ਹਾਂਗਕਾਂਗ ਵਿਚ ਗੂੰਜ ਰਹੀ ਚੀਨ ਤੋਂ ਆਜ਼ਾਦੀ ਦੀ ਮੰਗ, ਕਈ ਲੋਕਾਂ ਨੂੰ ਲਿਆ ਗਿਆ ਹਿਰਾਸਤ ''ਚ

Thursday, May 28, 2020 - 09:11 AM (IST)

ਹਾਂਗਕਾਂਗ ਵਿਚ ਗੂੰਜ ਰਹੀ ਚੀਨ ਤੋਂ ਆਜ਼ਾਦੀ ਦੀ ਮੰਗ, ਕਈ ਲੋਕਾਂ ਨੂੰ ਲਿਆ ਗਿਆ ਹਿਰਾਸਤ ''ਚ

ਹਾਂਗਕਾਂਗ- ਸੁਰੱਖਿਆ ਕਾਨੂੰਨ ਦੇ ਦਾਇਰੇ ਵਿਚ ਹਾਂਗਕਾਂਗ ਨੂੰ ਲਿਆਉਣ ਦੀ ਚੀਨ ਦੀ ਸਾਜਸ਼ ਦੇ ਵਿਰੋਧ ਵਿਚ ਅਰਧ ਖੁਦਮੁਖਤਿਆਰੀ ਖੇਤਰ ਦੇ ਲੋਕ ਗੁੱਸੇ ਵਿਚ ਹਨ। ਹਾਂਗਕਾਂਗ ਦੀਆਂ ਸੜਕਾਂ 'ਤੇ ਚੀਨ ਦਾ ਵਿਰੋਧ ਵਧਦਾ ਜਾ ਰਿਹਾ ਹੈ। ਲੋਕ ਨਾਅਰੇਬਾਜ਼ੀ, ਧਰਨਾ ਦੇ ਕੇ ਅਤੇ ਸੜਕਾਂ ਜਾਮ ਕਰਕੇ ਚੀਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਹੁਣ ਉਹ ਲੋਕਤੰਤਰ ਲਾਗੂ ਕਰਨ ਦੀ ਮੰਗ ਤੋਂ ਅੱਗੇ ਵੱਧ ਕੇ ਚੀਨ ਤੋਂ ਵੱਖ ਹੋਣਾ ਚਾਹੁੰਦੇ ਹਨ। ਬੁੱਧਵਾਰ ਨੂੰ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਟਕਰਾਅ ਹੋਇਆ। ਇਸ ਵਿਚ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਅਤੇ 300 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ।


ਅਮਰੀਕਾ ਦੇ ਬਾਅਦ ਜਾਪਾਨ ਨੇ ਵੀ ਹਾਂਗਕਾਂਗ ਦੇ ਹਾਲਾਤ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਜਦਕਿ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕਿਹਾ ਕਿ ਰਾਜਨੀਤਕ ਕਾਰਨਾਂ ਨਾਲ ਹਾਂਗਕਾਂਗ ਤੋਂ ਜੇਕਰ ਕੋਈ ਵੀ ਭੱਜ ਕੇ ਤਾਇਵਾਨ ਆਉਂਦਾ ਹੈ ਤਾਂ ਉਸ ਨੂੰ ਸ਼ਰਣ ਦਿੱਤੀ ਜਾਵੇਗੀ।

 
ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਵਿਧਾਨ ਸਭਾ ਦੀ ਇਮਾਰਤ ਦੇ ਨੇੜੇ ਪੁੱਜ ਕੇ ਪ੍ਰਦਰਸ਼ਨ ਕੀਤਾ। ਇਸ ਦੇ ਇਲ਼ਾਵਾ ਸੈਂਟਰਲ ਬਿਜ਼ਨੈੱਸ ਡਿਸਟ੍ਰਿਕਟ ਵਿਚ ਵੀ ਵੱਡੇ ਪ੍ਰਦਰਸ਼ਨਾਂ ਦੀ ਖਬਰ ਹੈ। ਇਨ੍ਹਾਂ ਸਥਾਨਾਂ 'ਤੇ ਦਫਤਰ ਅਤੇ ਵਪਾਰਕ ਅਦਾਰੇ ਖੁੱਲ੍ਹੇ ਪਰ ਕੁਝ ਹੀ ਘੰਟਿਆਂ ਬਾਅਦ ਉਹ ਬੰਦ ਕਰ ਦਿੱਤੇ ਗਏ। ਪੁਲਸ ਨੂੰ ਕਈ ਸਥਾਨਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਮਿਰਚ ਬੰਬ ਦੀ ਵਰਤੋਂ ਕਰਨੀ ਪਈ ਅਤੇ ਲਾਠੀਆਂ ਚਲਾਉਣੀਆਂ ਪਈਆਂ। ਇਸ ਵਿਚਕਾਰ ਹਾਂਗਕਾਂਗ ਦੀ ਵਿਧਾਨ ਸਭਾ ਵਿਚ ਇਕ ਅਜਿਹਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਜਿਸ ਵਿਚ ਚੀਨੀ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਵਾਲੇ ਨੂੰ 3 ਸਾਲ ਦੀ ਸਜ਼ਾ ਅਤੇ 50 ਹਜ਼ਾਰ ਹਾਂਗਕਾਂਗ ਡਾਲਰ(ਤਕਰੀਬਨ 5 ਲੱਖ ਰੁਪਏ) ਦਾ ਜੁਰਮਾਨਾ ਹੋਵੇਗਾ।

ਲੋਕਤੰਤਰ ਸਮਰਥਕ ਵਿਰੋਧੀ ਪੱਖ ਵਿਧਾਇਕਾਂ ਨੇ ਇਸ ਨੂੰ ਸੁਤੰਤਰਤਾ 'ਤੇ ਹਮਲਾ ਕਰਾਰ ਦਿੱਤਾ ਹੈ ਜਦਕਿ ਸੱਤਾ ਪੱਖ ਨੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। 
 
 


author

Lalita Mam

Content Editor

Related News