ਅਮਰੀਕਾ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ, 5 ਵਿਦੇਸ਼ੀਆਂ 'ਚੋਂ 1 ਭਾਰਤੀ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ
Tuesday, Nov 15, 2022 - 01:17 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿੱਚ ਪੜ੍ਹਾਈ ਦੇ ਮਾਮਲੇ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਵਿਦਿਆਰਥੀਆਂ ਨੇ ਵੱਡੀ ਛਾਲ ਮਾਰੀ ਹੈ। ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਓਪਨ ਡੋਰਸ ਰਿਪੋਰਟ 2022 ਦੇ ਅਨੁਸਾਰ ਅਮਰੀਕਾ ਵਿੱਚ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰਤੀਆਂ ਦੀ ਪ੍ਰਤੀਸ਼ਤਤਾ 11.8 ਤੋਂ ਵਧ ਕੇ 21 ਪ੍ਰਤੀਸ਼ਤ ਹੋ ਗਈ ਹੈ। ਜਿਸ ਦਰ ਨਾਲ ਭਾਰਤੀ ਵਿਦਿਆਰਥੀ ਅਮਰੀਕਾ ਜਾ ਰਹੇ ਹਨ, ਆਉਣ ਵਾਲੇ ਸਾਲਾਂ ਵਿੱਚ ਉਹਨਾਂ ਦੇ ਚੀਨੀ ਵਿਦਿਆਰਥੀਆਂ ਨੂੰ ਪਛਾੜਨ ਦੀ ਉਮੀਦ ਹੈ। ਜੂਨ ਤੋਂ ਅਗਸਤ ਦਰਮਿਆਨ 82,000 ਵੀਜ਼ੇ ਜਾਰੀ ਕੀਤੇ ਗਏ ਹਨ, ਜੋ ਕਿ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਹਨ।
ਕੋਰੋਨਾ ਦੌਰ ਤੋਂ ਬਾਅਦ ਅਮਰੀਕਾ ਵਿੱਚ ਸਾਲ 2021-22 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 80 ਫੀਸਦੀ ਦਾ ਵਾਧਾ ਹੋਇਆ ਹੈ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਹੁਣ 2.68 ਲੱਖ ਤੱਕ ਪਹੁੰਚ ਗਈ ਹੈ। ਭਾਰਤੀ ਵਿਦਿਆਰਥੀਆਂ ਦੀ ਵਾਧੇ ਦੀ ਦਰ ਵਿੱਚ ਕਰੀਬ 19 ਫੀਸਦੀ ਰਹੀ ਹੈ। ਅਮਰੀਕਾ ਵਿੱਚ ਹੁਣ 1.99 ਲੱਖ ਭਾਰਤੀ ਵਿਦਿਆਰਥੀ ਹਨ। ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੋ ਗਈ ਹੈ। ਜਿੱਥੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਚੀਨ ਅਤੇ ਭਾਰਤ ਦੇ ਵਿਦਿਆਰਥੀ ਅਮਰੀਕਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 52 ਫੀਸਦੀ
ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 9.14 ਲੱਖ ਤੋਂ ਵਧ ਕੇ 9.48 ਲੱਖ ਹੋ ਗਈ ਹੈ। ਅਮਰੀਕੀ ਦੂਤਘਰ ਮੁਤਾਬਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਸਿਰਫ਼ ਭਾਰਤ ਤੋਂ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਉੱਚ ਸਿੱਖਿਆ ਲਈ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਇਹ ਵੀ ਦਰਸਾਉਂਦਾ ਹੈ ਕਿ ਅਮਰੀਕਾ ਵਿਦਿਆਰਥੀਆਂ ਨੂੰ ਭਵਿੱਖ ਦੇ ਮੌਕੇ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ 'ਚੀਨ ਲਈ ਜਾਸੂਸੀ' ਦੇ ਦੋਸ਼ 'ਚ ਪਬਲਿਕ ਯੂਟੀਲਿਟੀ ਵਰਕਰ ਨੂੰ ਕੀਤਾ ਗ੍ਰਿਫ਼ਤਾਰ
2021-22 ਦੇ ਵਿਚਕਾਰ ਅਮਰੀਕਾ ਵਿੱਚ ਪੜ੍ਹ ਰਹੇ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਚੀਨ ਅਤੇ ਭਾਰਤ ਦੇ ਵਿਦਿਆਰਥੀ 52 ਪ੍ਰਤੀਸ਼ਤ ਸਨ। ਸਾਲ 2020-21 ਵਿੱਚ ਜਿੱਥੇ 1,67,582 ਭਾਰਤੀ ਅਮਰੀਕਾ ਵਿੱਚ ਪੜ੍ਹ ਰਹੇ ਸਨ, ਉੱਥੇ ਸਾਲ 2021-22 ਵਿੱਚ 1,99,182 ਵਿਦਿਆਰਥੀ ਸਿੱਖਿਆ ਲਈ ਪੁੱਜੇ ਹਨ। ਇਨ੍ਹਾਂ ਅੰਕੜਿਆਂ ਤੋਂ ਇਹ ਵੀ ਸਪੱਸ਼ਟ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੇ ਵਿਦਿਆਰਥੀਆਂ ਦੀ ਗਿਰਾਵਟ ਖ਼ਤਮ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।