ਭਾਰਤੀਆਂ ਲਈ ਖ਼ੁਸ਼ਖ਼ਬਰੀ! 30,000 ਮਾਪਿਆਂ ਨੂੰ ਸਪਾਂਸਰ ਕਰਨ ਲਈ ਲਾਟਰੀ ਸਿਸਟਮ ਖੋਲ੍ਹੇਗੀ ਕੈਨੇਡਾ ਸਰਕਾਰ
Wednesday, Jul 21, 2021 - 11:22 AM (IST)
ਨਿਊਯਾਰਕ/ਓਟਾਵਾ (ਰਾਜ ਗੋਗਨਾ): ਕੈਨੇਡਾ ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਹੁਣ ਕੈਨੇਡੀਅਨ ਸਿਟੀਜਨ ਅਤੇ ਪੀ.ਆਰ ਲਈ ਆਪਣੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਸਪਾਂਸਰ ਕਰਨ ਲਈ ਆ ਰਹੇ ਸਤੰਬਰ ਮਹੀਨੇ ਵਿਚ ਲਗਭਗ 30,000 ਲੋਕਾਂ ਨੂੰ ਬੁਲਾਉਣ ਲਈ ਲਾਟਰੀ ਸਿਸਟਮ ਲਗਾਏਗੀ। ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ- 2021 ਲਈ ਇੱਕ ਵਾਰ ਫਿਰ ਲਾਟਰੀ ਲਗਾਈ ਜਾਵੇਗੀ।ਇਹ ਲਾਟਰੀ 20 ਸਤੰਬਰ, 2021 ਦੇ ਪਹਿਲੇ ਹਫ਼ਤੇ ਦੌਰਾਨ ਲੱਗੇਗੀ। ਜਿਸ ਤੋਂ ਬਾਅਦ ਦੋ ਹਫ਼ਤਿਆਂ ਦੌਰਾਨ ਈਮੇਲ ਰਾਹੀ ਚੁਣੇ ਗਏ ਵਿਅਕਤੀਆਂ ਨੂੰ ਅਪਲਾਈ ਕਰਨ ਲਈ ਸੱਦੇ ਪੱਤਰ ਭੇਜੇ ਜਾਣਗੇ।
ਬੁਲਾਏ ਗਏ ਵਿਅਕਤੀਆਂ ਕੋਲ ਕੈਨੇਡੀਅਨ ਸਰਕਾਰ ਨੂੰ ਆਪਣੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਜਮ੍ਹਾ ਕਰਨ ਲਈ 60 ਦਿਨ ਹੋਣਗੇ। ਬਿਨੈਕਾਰ ਨੂੰ ਸਾਲ 2018, 2019 ਅਤੇ 2020 ਦੀ ਆਪਣੀ ਇਨਕਮ ਵਿਖਾਉਣੀ ਪਵੇਗੀ, ਜਿਸ ਵਿੱਚ ਸੀ.ਈ.ਆਰ.ਬੀ. ਅਤੇ ਈ.ਆਈ. ਦੀ ਇਨਕਮ ਵੀ ਵਿਖਾਈ ਜਾ ਸਕਦੀ ਹੈ।ਇਹ ਲਾਟਰੀ ਸਿਸਟਮ ਅਤੇ ਪੀਜੀਪੀ ਸੰਨ 2021 ਦੇ ਹੋਰ ਵੇਰਵਿਆਂ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਜਾਰੀ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 7 ਸਤੰਬਰ ਤੋਂ ਵਿਦੇਸ਼ੀਆਂ ਲਈ ਖੋਲ੍ਹੇਗਾ ਆਪਣੀਆਂ ਸਰੱਹਦਾਂ ਪਰ ਭਾਰਤੀ ਉਡਾਣਾਂ 'ਤੇ ਪਾਬੰਦੀ ਜਾਰੀ
ਇੱਥੇ ਇਹ ਦੱਸਣਯੋਗ ਹੈ ਕਿ ਇਸ ਲਾਟਰੀ ਸਿਸਟਮ ਦੀ ਕੈਨੇਡਾ ਵਿਖੇ ਕਾਫ਼ੀ ਸਮੇਂ ਤੋ ਲਗਾਤਾਰ ਆਲੋਚਨਾ ਹੁੰਦੀ ਰਹੀ ਹੈ ਅਤੇ ਇਸ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਬਰੈਂਪਟਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਨੂੰ ਹੋਰ ਨਰਮ ਕਰਨ 'ਤੇ ਪੂਰਾ ਜ਼ੋਰ ਦੇਵੇਗਾ ਕਿਉਂਕਿ ਕੈਨੇਡਾ ਇਮੀਗਰਾਂਟਸ ਦਾ ਮੁਲਕ ਹੈ ਜਦੋਂ ਕਿ ਫਰਾਡ ਵਿਆਹਾਂ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮੀਡੀਆ ਵੱਲੋਂ ਸਖ਼ਤੀ ਦੀ ਮੰਗ ਕੀਤੀ ਜਾ ਰਹੀ ਸੀ।