ਰਾਸ਼ਟਰਪਤੀ ਚੋਣ ਦੀ ਪਹਿਲੀ ਬਹਿਸ 'ਚ ਭਿੜੇ ਬਾਈਡੇਨ-ਟਰੰਪ, ਇਕ-ਦੂਜੇ 'ਤੇ ਲਗਾਏ ਗੰਭੀਰ ਦੋਸ਼

Friday, Jun 28, 2024 - 11:23 AM (IST)

ਰਾਸ਼ਟਰਪਤੀ ਚੋਣ ਦੀ ਪਹਿਲੀ ਬਹਿਸ 'ਚ ਭਿੜੇ ਬਾਈਡੇਨ-ਟਰੰਪ, ਇਕ-ਦੂਜੇ 'ਤੇ ਲਗਾਏ ਗੰਭੀਰ ਦੋਸ਼

ਅਟਲਾਂਟਾ (ਰਾਜ ਗੋਗਨਾ/ਭਾਸ਼ਾ)- ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੀ ਪਹਿਲੀ ਬਹਿਸ ਦੌਰਾਨ ਅਰਥਵਿਵਸਥਾ, ਸਰਹੱਦ, ਵਿਦੇਸ਼ ਨੀਤੀ, ਗਰਭਪਾਤ ਅਤੇ ਰਾਸ਼ਟਰੀ ਸੁਰੱਖਿਆ ਦੀ ਸਥਿਤੀ 'ਤੇ ਬਹਿਸ ਹੋਈ। ਇਸ ਦੌਰਾਨ ਦੋਹਾਂ ਨੇ ਇਕ ਦੂਜੇ ਨੂੰ ਝੂਠਾ ਅਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਕਰਾਰ ਦਿੱਤਾ। ਵੀਰਵਾਰ ਰਾਤ ਬਾਈਡੇਨ ਅਤੇ ਟਰੰਪ ਵਿਚਾਲੇ ਕਰੀਬ 90 ਮਿੰਟ ਦੀ ਬਹਿਸ ਦੌਰਾਨ ਦੋਹਾਂ ਨੇ ਇਕ-ਦੂਜੇ 'ਤੇ ਨਿੱਜੀ ਹਮਲੇ ਕੀਤੇ। ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ 'ਮੂਰਖ ਅਤੇ ਹਾਰਿਆ ਹੋਇਆ ਵਿਅਕਤੀ' ਕਰਾਰ ਦਿੱਤਾ। ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਬਾਈਡੇਨ ਨੇ ਟਰੰਪ ਦਾ ਜ਼ਿਕਰ ਕਰਦੇ ਹੋਏ ਕਿਹਾ,"ਮੈਂ ਹਾਲ ਹੀ 'ਚ 'ਡੀ-ਡੇ' ਲਈ ਫਰਾਂਸ 'ਚ ਸੀ ਅਤੇ ਮੈਂ ਉਨ੍ਹਾਂ ਸਾਰੇ ਨਾਇਕਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਮੈਂ ਦੂਜੇ ਵਿਸ਼ਵ ਯੁੱਧ ਅਤੇ ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਨਾਇਕਾਂ ਦੇ ਕਬਰਸਤਾਨਾਂ 'ਚ ਗਿਆ, ਜਿੱਥੇ ਉਸ ਨੇ (ਟਰੰਪ) ਜਾਣ ਤੋਂ ਇਨਕਾਰ ਕਰ ਦਿੱਤਾ ਸੀ।''

ਸਾਬਕਾ ਰਾਸ਼ਟਰਪਤੀ ਟਰੰਪ ਨੇ 2018 ਦੇ ਦੌਰੇ ਦੌਰਾਨ ਇਸ ਕਬਰਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਮਰ ਦੇ ਮਾਮਲੇ 'ਚ 81 ਸਾਲਾ ਬਾਈਡੇਨ ਨੇ ਯਾਦ ਦਿਵਾਇਆ ਕਿ 78 ਸਾਲਾ ਟਰੰਪ ਉਨ੍ਹਾਂ ਤੋਂ ਸਿਰਫ਼ 3 ਸਾਲ ਛੋਟੇ ਹਨ। ਨਿਊਯਾਰਕ 'ਚ ਇਕ ਪੋਰਨ ਸਟਾਰ ਨੂੰ ਗੁਪਤ ਰੂਪ ਨਾਲ ਪੈਸੇ ਦੇਣ ਦੇ ਮਾਮਲੇ 'ਚ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਦਾ ਹਵਾਲਾ ਦਿੰਦੇ ਹੋਏ ਬਾਈਡੇਨ ਨੇ ਉਨ੍ਹਾਂ ਨੂੰ 'ਅਪਰਾਧੀ' ਕਿਹਾ ਸੀ, ਜਿਸ 'ਤੇ ਪਲਟਵਾਰ ਕਰਦੇ ਹੋਏ ਟਰੰਪ ਨੇ ਬਾਈਡੇਨ ਨੂੰ 'ਅਪਰਾਧੀ' ਕਿਹਾ। ਟਰੰਪ ਨੇ ਬਾਈਡੇਨ ਦੇ ਪੁੱਤਰ ਹੰਟਰ ਬਾਈਡੇਨ ਨੂੰ ਬੰਦੂਕ ਖਰੀਦ ਨਾਲ ਜੁੜੇ ਇਕ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਦਾ ਜ਼ਿਕਰ ਕਰਦੇ ਹੋਏ ਦੋਸ਼ ਲਗਾਇਆ,''ਜਦੋਂ ਉਹ ਇਕ ਦੋਸ਼ੀ ਅਪਰਾਧੀ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਬੇਟਾ (ਹੰਟਰ ਬਾਈਡੇਨ) ਇਕ ਬਹੁਤ ਹੀ ਉੱਚ ਪੱਧਰ ਦਾ ਅਪਰਾਧੀ ਹੈ।'' ਦੋਹਾਂ ਨੇਤਾਵਾਂ ਵਿਚਾਲੇ ਵੱਖ-ਵੱਖ ਮੁੱਦਿਆਂ ਦੌਰਾਨ ਬਾਈਡੇਨ ਨੇ ਟਰੰਪ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਬਾਈਡੇਨ ਨੇ ਕਿਹਾ,''ਉਨ੍ਹਾਂ ਨੂੰ (ਟਰੰਪ) ਬਿਲਕੁੱਲ ਵੀ ਪਤਾ ਨਹੀਂ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਮੈਂ ਇੰਨੀ ਮੂਰਖਤਾ ਕਦੇ ਨਹੀਂ ਸੁਣੀ। ਇਹ ਉਹ ਵਿਅਕਤੀ ਹਨ ਜੋ ਨਾਟੋ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।'' ਟਰੰਪ ਨੇ ਰਾਸ਼ਟਰਪਤੀ ਬਾਈਡੇਨ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਨਾਲ ਦੇਸ਼ ਅਸੁਰੱਖਅਤ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News