ਪਾਕਿ ''ਚ ਰਿਸ਼ਤੇ ਸ਼ਰਮਸਾਰ, ਹਿੰਦੂ ਬੀਬੀ ਨੂੰ ਪਹਿਲਾਂ ਬਣਾਇਆ ''ਭੈਣ'', ਫਿਰ ਕਰ ਲਿਆ ਜ਼ਬਰੀ ਵਿਆਹ
Wednesday, Jul 28, 2021 - 01:43 PM (IST)
ਕਰਾਚੀ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂ ਬੀਬੀ ਰੀਨਾ ਮੇਘਵਾਰ ਨੂੰ ਅਦਾਲਤ ਦੇ ਆਦੇਸ਼ 'ਤੇ ਉਸ ਦਾ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ ਹੈ। ਰੀਨ ਮੇਘਵਾਰ ਨੇ ਦੱਸਿਆ ਕਿ ਉਸ ਨੇ ਰੱਖੜੀ ਵਾਲੇ ਦਿਨ ਆਪਣੇ ਗੁਆਂਢ ਵਿਚ ਰਹਿਣ ਵਾਲੇ ਕਾਸਿਮ ਕਾਸ਼ਖੇਲੀ ਨੂੰ ਰੱਖੜੀ ਬੰਨ੍ਹ ਕੇ ਆਪਣਾ ਭਰਾ ਬਣਾਇਆ ਸੀ। ਬਾਅਦ ਵਿਚ ਇਸ ਕਲਯੁੱਗੀ ਭਰਾ ਦੀ ਨੀਅਤ ਖਰਾਬ ਹੋ ਗਈ ਅਤੇ ਉਸ ਨੇ ਰੀਨਾ ਨੂੰ ਅਗਵਾ ਕਰ ਕੇ ਉਸ ਨੂੰ ਜ਼ਬਰੀ ਇਸਲਾਮ ਕਬੂਲ ਕਰਵਾਇਆ ਅਤੇ ਵਿਆਹ ਕਰ ਲਿਆ।
ਰੀਨਾ ਨੇ ਦੁਨੀਆ ਤੋਂ ਮਦਦ ਦੀ ਅਪੀਲ ਕੀਤੀ ਅਤੇ ਦੇਖਦੇ ਹੀ ਦੇਖਦੇ ਉਸ ਦਾ ਵੀਡੀਓ ਵਾਇਰਲ ਹੋ ਗਿਆ। ਦਬਾਅ ਵੱਧਣ 'ਤੇ ਪਾਕਿਸਤਾਨੀ ਅਦਾਲਤ ਨੇ ਰੀਨਾ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪਣ ਦਾ ਆਦੇਸ਼ ਦਿੱਤਾ ਹੈ। ਦੋਸ਼ ਇਹ ਵੀ ਹੈ ਕਿ ਬੀਬੀ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਕਾਸਿਮ ਕਾਸ਼ਖੇਲੀ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਨਾਲ ਵਿਆਹ ਕਰਾ ਕੇ ਉਸ ਨੂੰ ਮੁਸਲਿਮ ਬਣਾਇਆ। ਰੀਨਾ ਮੇਘਵਾਰ ਨੂੰ 13 ਫਰਵਰੀ ਨੂੰ ਕਾਸਿਮ ਕਾਸ਼ਖੇਲੀ ਦੇ ਦੱਖਣੀ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਦੇ ਕੇਰਿਓਗਜ਼ਰ ਇਲਾਕੇ ਤੋਂ ਅਗਵਾ ਕਰ ਲਿਆ ਸੀ।
ਰੀਨਾ ਦਾ ਵੀਡੀਓ ਹੋਇਆ ਵਾਇਰਲ
ਰੀਨਾ ਦਾ ਇਕ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਜਿਸ ਵਿਚ ਉਹ ਕਹਿ ਰਹੀ ਹੈ,''ਕ੍ਰਿਪਾ ਮੈਨੂੰ ਮੇਰੇ ਮਾਤਾ-ਪਿਤਾ ਕੋਲ ਭੇਜ ਦਿਓ। ਮੈਨੂੰ ਜ਼ਬਰਦਸਤੀ ਲਿਆਂਦਾ ਗਿਆ ਹੈ। ਮੈਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਮੇਰੇ ਮਾਤਾ-ਪਿਤਾ ਅਤੇ ਭਰਾਵਾਂ ਨੂੰ ਮਾਰ ਦਿੱਤਾ ਜਾਵੇਗਾ।'' ਭਾਵੇਂਕਿ ਉਸ ਨੇ ਵੀਡੀਓ ਵਿਚ ਧਮਕੀ ਦੇਣ ਵਾਲੇ ਕਿਸੇ ਵੀ ਵਿਅਕਤੀ ਦਾ ਨਾਮ ਲੈਣ ਤੋਂ ਇਨਕਾਰ ਕੀਤਾ ਹੈ। ਸਿੰਧ ਸਰਕਾਰ ਨੇ ਵੀਡੀਓ 'ਤੇ ਨੋਟਿਸ ਲੈਂਦੇ ਹੋਏ ਪੁਲਸ ਜਾਂਚ ਦਾ ਆਦੇਸ਼ ਦਿੱਤਾ, ਜਿਸ ਮਗਰੋਂ ਬਦੀਨ ਦੇ ਐੱਸ.ਐੱਸ.ਪੀ. ਸ਼ਬੀਰ ਅਹਿਮਦ ਸੇਥਰ ਨੇ ਇਕ ਦਲ ਦੀ ਅਗਵਾਈ ਕੀਤੀ ਅਤੇ ਕਾਸ਼ਕੇਲੀ ਦੇ ਘਰੋਂ ਹਿੰਦੂ ਕੁੜੀ ਨੂੰ ਬਰਾਮਦ ਕੀਤਾ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਨੇ 'ਵਰਕ ਪਰਮਿਟ' ਦੀ ਚੋਰ ਬਜ਼ਾਰੀ ਰੋਕਣ ਲਈ ਕਾਨੂੰਨ 'ਚ ਕੀਤੀ ਸੋਧ
ਰੀਨਾ ਨੂੰ ਸੋਮਵਾਰ ਨੂੰ ਬਦੀਨ ਦੀ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਸੀ ਅਤੇ ਦੋਸ਼ੀ ਨੇ ਮੁਸਲਿਮ ਬੀਬੀ ਦੇ ਤੌਰ 'ਤੇ ਉਸ ਨਾਲ ਜ਼ਬਰੀ ਵਿਆਹ ਕਰਨ ਲਈ ਝੂਠੇ ਦਸਤਾਵੇਜ਼ ਤਿਆਰ ਕੀਤੇ ਸਨ। ਅਦਾਲਤ ਵਿਚ ਉਸ ਦਾ ਬਿਆਨ ਦਰਜ ਕਰਨ ਮਗਰੋਂ ਪੁਲਸ ਨੂੰ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਅਧਿਕਾਰੀਆਂ ਦੀ ਮੌਜੂਦਗੀ ਵਿਚ ਰੀਨਾ ਨੂੰ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਉਸ ਨੇ ਜੱਜ ਨੂੰ ਇਹ ਵੀ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਅਤੇ ਉਸ ਦੇ ਭਰਾ ਦੀ ਜਾਨ ਨੂੰ ਖਤਰਾ ਹੈ।
ਦੂਜੇ ਪਾਸੇ ਦੋਸ਼ੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਰੀਨਾ ਨੇ ਇਸ ਸਾਲ ਫਰਵਰੀ ਵਿਚ ਆਪਣਾ ਘਰ ਛੱਡ ਦਿੱਤਾ ਸੀ ਅਤੇ ਕਥਿਤ ਤੌਰ 'ਤੇ ਕਾਸ਼ਖੇਲੀ ਨਾਲ ਵਿਆਹ ਕਰ ਲਿਆ। ਫਿਰ ਉਸ ਨੇ ਆਪਣਾ ਨਾਮ ਬਦਲ ਕੇ ਮਰੀਅਮ ਰੱਖ ਲਿਆ। ਐੱਮ.ਐੱਸ.ਪੀ. ਸੇਥਰ ਨੇ ਕਿਹਾ ਕਿ ਕੁੜੀ ਦੇ ਮਾਤਾ-ਪਿਤਾ ਨੇ ਪਹਿਲਾਂ ਦੋਸ਼ੀ ਖ਼ਿਲਾਫ਼ ਪੁਲਸ ਰਿਪੋਰਟ ਦਰਜ ਕਰਾਈ ਸੀ ਅਤੇ ਅਗਵਾ ਤੇ ਜ਼ਬਰੀ ਧਰਮ ਪਰਿਵਰਤਨ ਖ਼ਿਲਾਫ਼ ਸਿੰਧ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ।