ਨਾਰਵੇ ’ਚ ਇਕ ਵਿਅਕਤੀ ਨੇ ਕੀਤੀ ਛੁਰੇਬਾਜ਼ੀ, ਕਈ ਲੋਕ ਜ਼ਖ਼ਮੀ

Tuesday, Nov 09, 2021 - 05:23 PM (IST)

ਨਾਰਵੇ ’ਚ ਇਕ ਵਿਅਕਤੀ ਨੇ ਕੀਤੀ ਛੁਰੇਬਾਜ਼ੀ, ਕਈ ਲੋਕ ਜ਼ਖ਼ਮੀ

ਕੋਪੇਨਹੇਗਨ (ਏ. ਪੀ.)-ਨਾਰਵੇ ਦੀ ਰਾਜਧਾਨੀ ਓਸਲੋ ਦੀਆਂ ਗਲੀਆਂ ’ਚ ਇਕ ਵਿਅਕਤੀ ਨੇ ਉਥੋਂ ਲੰਘ ਰਹੇ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਬਾਅਦ ’ਚ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਨਾਰਵੇ ਦੇ ਮੀਡੀਆ ਨੇ ਕਥਿਤ ਹਮਲਾਵਰ ਦੀ ਫੁਟੇਜ ਜਾਰੀ ਕੀਤੀ ਹੈ, ਜੋ ਬਿਨਾਂ ਕਮੀਜ਼ ਪਹਿਨੀ ਚਾਕੂ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਪੁਲਸ ਨੇ ਕਿਹਾ ਕਿ ਹਮਲੇ ’ਚ ਕਈ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਸ ਦੇ ਬੁਲਾਰੇ ਟੋਰਜੀਅਰ ਬ੍ਰੈਂਡੇਨ ਨੇ ਕਿਹਾ ਕਿ ਉੱਤਰੀ ਓਸਲੋ ਦੇ ਨੇੜੇ ਬ੍ਰਿਸਲੇਟ ’ਚ ਇਕ ਗਸ਼ਤ ਕਰਨ ਵਾਲੀ ਕਾਰ ਹਮਲਾਵਰ ਨੂੰ ਰੋਕਣ ਲਈ ਇਕ ਇਮਾਰਤ ’ਚ ਗਈ।

ਹਮਲਾਵਰ ਨੇ ਗੱਡੀ ’ਤੇ ਹਮਲਾ ਕੀਤਾ ਤੇ ਦਰਵਾਜ਼ਾ ਖੋਲ੍ਹ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰ ’ਤੇ ਕਈ ਗੋਲੀਆਂ ਚਲਾਈਆਂ ਗਈਆਂ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ’ਚ ਬੈਠੇ ਪੁਲਸ ਮੁਲਾਜ਼ਮਾਂ ਨੇ ਗੋਲੀ ਚਲਾਈ ਜਾਂ ਨਹੀਂ। ਬ੍ਰੈਂਡੇਨ ਨੇ ਦੱਸਿਆ ਕਿ ਹਮਲਾਵਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪਿਛਲੇ ਮਹੀਨੇ ਦੱਖਣ-ਪੱਛਮੀ ਓਸਲੋ ਦੇ ਇਕ ਛੋਟੇ ਜਿਹੇ ਕਸਬੇ ’ਚ ਤੀਰ ਕਮਾਨ ਅਤੇ ਚਾਕੂ ਨਾਲ ਇਕ ਵਿਅਕਤੀ ਨੇ ਪੰਜ ਲੋਕਾਂ ਦਾ ਕਤਲ ਕਰ ਦਿੱਤਾ ਸੀ।


author

Manoj

Content Editor

Related News