ਨਿਊਯਾਰਕ ''ਚ ਵਿਅਕਤੀ ਨੇ 10 ਮਿੰਟਾਂ ''ਚ 76 ਹੌਟ ਡਾਗਜ਼ ਖਾ ਕੇ ਬਣਾਇਆ ਰਿਕਾਰਡ
Tuesday, Jul 06, 2021 - 10:25 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਜੇਕਰ ਖਾਣ ਪੀਣ ਦੇ ਕਿਸੇ ਮੁਕਾਬਲੇ ਵਿਚ ਤੁਹਾਨੂੰ 10 ਮਿੰਟ 'ਚ ਵੱਧ ਤੋਂ ਵੱਧ ਹੌਟ ਡਾਗਜ਼ ਖਾਣ ਲਈ ਕਿਹਾ ਜਾਵੇ ਤਾਂ ਕਿੰਨੇ ਖਾ ਸਕਦੇ ਹੋ ? ਜ਼ਿਆਦਾ ਨਹੀਂ ਖਾ ਸਕੋਗੇ ਪਰ 4 ਜੁਲਾਈ ਨੂੰ ਨਿਊਯਾਰਕ ਦੇ ਬਰੁਕਲਿਨ ਵਿਚ ਹੋਏ ਨਾਥਨ ਦੇ ਫੇਮਸ ਹੌਟ ਡਾਗ ਈਟਿੰਗ ਮੁਕਾਬਲੇ ਵਿਚ ਇਕ ਵਿਅਕਤੀ ਨੇ 10 ਮਿੰਟ ਵਿਚ 5,10, 20 ਨਹੀਂ ਪੂਰੇ 76 ਹੌਟ ਡਾਗਜ਼ ਖਾ ਕੇ ਨਵਾਂ ਰਿਕਾਰਡ ਬਣਾਇਆ ਹੈ। ਆਪਣੀ ਇਸ 14ਵੀਂ ਜਿੱਤ ਨਾਲ ਉਸ ਨੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ ਹੈ। ਜਦੋਂਕਿ ਮਿਸ਼ੇਲ ਲੇਸਕੋ ਨੇ ਔਰਤਾਂ ਦੇ ਇਸੇ ਹੀ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਇਹ ਵੀ ਪੜ੍ਹੋ: PM ਸ਼ੇਖ ਹਸੀਨਾ ਨੇ ਮੋਦੀ ਨੂੰ ਤੋਹਫ਼ੇ ’ਚ ਭੇਜੇ 2600 ਕਿਲੋਗ੍ਰਾਮ ਅੰਬ, ਜਾਣੋ ਕੀ ਹੈ ਖ਼ਾਸੀਅਤ
ਵੈਸਟਫੀਲਡ, ਇੰਡੀਆਨਾ ਦੇ ਜੋਈ ਚੇਸਟਨਟ ਨੇ ਐਤਵਾਰ ਨੂੰ ਆਪਣੇ ਪਿਛਲੇ ਰਿਕਾਰਡ ਨੂੰ ਇਕ ਹੌਟ ਡਾਗ ਜ਼ਿਆਦਾ ਖਾ ਕੇ ਤੋੜਿਆ ਅਤੇ ਕਿਹਾ ਕਿ ਇਸ ਨਾਲ ਮੈਨੂੰ ਚੰਗਾ ਮਹਿਸੂਸ ਹੋਇਆ। ਮਹਿਲਾਵਾਂ ਦੇ ਮੁਕਾਬਲੇ ਵਿਚ ਟਕਸਨ (ਐਰੀਜ਼ੋਨਾ) ਦੀ ਲੇਸਕੋ ਨੇ 10 ਮਿੰਟਾਂ ਵਿਚ 30 ਦੇ ਕਰੀਬ (30 ¾) ਹੌਟ ਡਾਗਜ਼ ਖਾਧੇ ਅਤੇ ਇਸ ਨੂੰ ਹੈਰਾਨੀਜਨਕ ਦੱਸਿਆ। 4 ਜੁਲਾਈ ਦਾ ਇਹ ਸਲਾਨਾ ਫੈਸਟ ਆਮ ਤੌਰ 'ਤੇ ਬਰੁਕਲਿਨ ਦੇ ਕੌਨੀ ਆਈਲੈਂਡ ਨੇੜੇ ਨਾਥਨ ਫਲੈਗਸ਼ਿਪ ਸ਼ੌਪ ਦੇ ਬਾਹਰ ਹੁੰਦਾ ਹੈ ਪਰ ਇਸ ਸਾਲ ਦੇ ਮੁਕਾਬਲੇ ਦੀ ਯੋਜਨਾਬੰਦੀ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਵਿਚਕਾਰ ਹੋਈ ਅਤੇ ਇਹ ਪ੍ਰੋਗਰਾਮ ਨੇੜਲੇ ਮਾਈਨਰ ਲੀਗ ਬੇਸਬਾਲ ਸਟੇਡੀਅਮ, ਮੈਮੋਨਾਈਡਜ਼ ਪਾਰਕਵਿਚ 5000 ਦਰਸ਼ਕਾਂ ਨਾਲ ਆਯੋਜਿਤ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ ਮਹਾਮਾਰੀ ਕਾਰਨ ਇਸ ਈਵੈਂਟ ਨੂੰ ਇਨਡੋਰ ਅਤੇ ਦਰਸ਼ਕਾਂ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਹੁਣ ਚੀਨ ’ਚ ਮਨੁੱਖ ਰਹਿਤ ਮਸ਼ੀਨਾਂ ਕਰਨਗੀਆਂ ਖੇਤੀ, ਨੌਜਵਾਨਾਂ ਦੀ ਘਟਦੀ ਦਿਲਚਸਪੀ ਦੇਖ ਅਪਣਾਈ ਇਹ ਤਕਨੀਕ