ਇਟਲੀ ਰਹਿੰਦੇ ਭਾਰਤੀ ਨੇ ਸੁਣਾਈ ਹੱਡ-ਬੀਤੀ, ਸੁਸ਼ਮਾ ਸਵਰਾਜ ਤੋਂ ਕੀਤੀ ਮਦਦ ਦੀ ਮੰਗ

09/25/2017 3:47:35 PM

ਰੋਮ,(ਦਲਬੀਰ ਕੈਂਥ)— ਇਟਲੀ 'ਚ ਰਹਿੰਦੇ ਭਾਰਤੀ ਨੇ ਆਪਣੀ ਹੱਡ-ਬੀਤੀ ਬਿਆਨ ਕੀਤੀ ਹੈ। ਭਾਰਤੀ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸਬੇਗ ਸਿੰਘ (ਕੈਂਥਲ) ਜੋ ਕਿ ਪਿਛਲੇ ਕਰੀਬ 12 ਸਾਲਾਂ ਤੋਂ ਇਟਲੀ 'ਚ ਮਿਹਨਤ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2005 'ਚ ਇਟਲੀ ਆਇਆ ਅਤੇ ਸਾਲ 2012 'ਚ ਉਸ ਨੇ ਆਪਣੇ ਪਰਿਵਾਰ ਨੂੰ ਵੀ ਇਟਲੀ ਬੁਲਾ ਲਿਆ। ਉਹ ਆਪਣੇ ਮੁੰਡੇ ਗੁਰਪਾਲ ਸਿੰਘ (13) ਅਤੇ ਧਰਮਪਤਨੀ ਰਾਜਵਿੰਦਰ ਕੌਰ ਨਾਲ ਬਹੁਤ ਖੁਸ਼ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਾਰਨ ਅਚਾਨਕ ਉਸ ਨੂੰ ਪਤਾ ਲੱਗਾ ਕਿ ਉਸ ਦੀ ਧਰਮਪਤਨੀ ਰਾਜਵਿੰਦਰ ਕੌਰ ਨੂੰ ਮਿਹਦੇ ਦਾ ਕੈਂਸਰ ਹੈ ਜੋ ਕਿ ਕਾਫੀ ਖ਼ਤਰਨਾਕ ਸਟੇਜ 'ਤੇ ਪਹੁੰਚ ਗਿਆ ਸੀ ।
ਗੁਰਵਿੰਦਰ ਸਿੰਘ ਨੇ ਆਪਣੇ ਧਰਮਪਤਨੀ ਰਾਜਵਿੰਦਰ ਕੌਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ ਪਰ ਸਾਲ 13 ਸਤੰਬਰ 2015 ਨੂੰ ਉਸ ਦੀ ਮੌਤ ਹੋ ਗਈ ।ਪਤਨੀ ਦੀ ਮੌਤ ਨੇ ਗੁਰਵਿੰਦਰ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ। ਇਨ੍ਹਾਂ ਹਲਾਤਾਂ ਤੋਂ ਬਾਹਰ ਕੱਢਣ ਅਤੇ ਗੁਰਵਿੰਦਰ ਸਿੰਘ ਦੇ ਬੁੱਢੇ ਮਾਤਾ-ਪਿਤਾ ਦੀ ਸੇਵਾ ਲਈ ਗੁਰਵਿੰਦਰ ਸਿੰਘ ਦੇ ਚਾਚੇ ਨੇ ਉਸ ਦਾ 20 ਜੁਲਾਈ 2016 ਨੂੰ ਅਮਨਦੀਪ ਕੌਰ ਪੁੱਤਰੀ ਗੁਰਸਾਹਿਬ ਸਿੰਘ (ਕੁਰੂਕਸ਼ੇਤਰ) ਨਾਲ ਕੋਰਟ ਮੈਰਜ ਕਰਵਾ ਦਿੱਤੀ। ਅਮਨਦੀਪ ਕੌਰ ਤਲਾਕਸ਼ੁਦਾ ਹੈ ਅਤੇ ਉਸ ਦੀ 10 ਸਾਲ ਦੀ ਇਕ ਬੱਚੀ ਵੀ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਦਾ ਅਮਨਦੀਪ ਕੌਰ ਨਾਲ ਕਾਨੂੰਨੀ ਵਿਆਹ ਹੋ ਗਿਆ ਪਰ ਹੁਣ ਉਹ ਬਤੌਰ ਪਤੀ-ਪਤਨੀ ਇਕੱਠੇ ਨਹੀਂ ਰਹੇ। ਉਸ ਨੇ ਆਪਣੀ ਧਰਮਪਤਨੀ ਅਮਨਦੀਪ ਕੌਰ ਨੂੰ ਇਟਲੀ ਬੁਲਾਉਣ ਲਈ ਪਹਿਲੇ ਸੈਰ-ਸਪਾਟੇ ਵਾਲੇ ਪੇਪਰ ਭੇਜੇ ਪਰ ਉਨ੍ਹਾਂ 'ਤੇ ਵੀਜ਼ਾ ਨਹੀਂ ਮਿਲਿਆ, ਜਿਸ ਤੋਂ ਪਤਨੀ ਅਮਨਦੀਪ ਕੌਰ ਅਤੇ ਉਸ ਦੀ 10 ਸਾਲ ਦੀ ਬੱਚੀ ਗੁਰਕੀਰਤ ਕੌਰ ਦੇ ਪੱਕੇ ਪੇਪਰ ਤਿਆਰ ਕਰਵਾ ਕੇ ਇਸੇ ਸਾਲ ਜੂਨ ਮਹੀਨੇ 'ਚ ਭੇਜੇ ਜਿਨ੍ਹਾਂ 'ਤੇ ਗੁਰਵਿੰਦਰ ਸਿੰਘ ਅਨੁਸਾਰ ਭਾਰਤੀ ਕਰੰਸੀ ਦੇ ਕਰੀਬ 750,000 ਰੁਪਏ ਖਰਚ ਹੋਏ। 
ਪਰ ਦੁੱਖ ਦੀ ਗੱਲ ਇਹ ਹੋਈ ਕਿ ਗੁਰਵਿੰਦਰ ਸਿੰਘ ਦੇ ਸਹੁਰੇ ਪਰਿਵਾਰ ਨੇ ਉਸ ਵਲੋਂ ਇੰਨਾ ਖਰਚ ਕਰਕੇ ਭੇਜੇ ਪੇਪਰ ਇਟਾਲੀਅਨ ਅੰਬੈਂਸੀ ਦਿੱਲੀ ਵਿਖੇ ਜਮਾਂ ਨਹੀਂ ਕਰਵਾਏ ।ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਆਪਣੀ ਪਤਨੀ ਅਮਨਦੀਪ ਕੌਰ ਨੂੰ ਪੇਪਰ ਨਾ ਜਮਾਂ ਕਰਵਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸ ਧਮਕਾਉਣਾ ਸ਼ੁਰੂ ਕਰ ਦਿੱਤਾ। ਗੁਰਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਸ ਦੀ ਘਰਵਾਲੀ ਅਮਨਦੀਪ ਕੌਰ ਨੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ।ਰੁਪਏ ਨਾ ਦੇਣ ਦੀ ਸੂਰਤ 'ਚ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਵੀ ਧਮਕਾਇਆ। ਗੁਰਵਿੰਦਰ ਸਿੰਘ ਨੇ ਭਾਰਤੀ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੀ ਘਰਵਾਲੀ ਅਮਨਦੀਪ ਕੌਰ ਅਤੇ ਬੇਟੀ ਗੁਰਕੀਰਤ ਕੌਰ ਨੂੰ ਇਟਲੀ ਬੁਲਾਉਣਾ ਚਾਹੁੰਦੇ ਹਨ, ਇਸ ਲਈ ਉਸ ਦੀ ਮਦਦ ਕੀਤੀ ਜਾਵੇ।
ਇਸ ਸਾਰੇ ਘਟਨਾ ਚੱਕਰ ਸੰਬਧੀ ਜਦੋਂ ਰੋਮ ਤੋਂ ਅਮਨਦੀਪ ਕੌਰ ਨਾਲ ਫੋਨ ਜ਼ਰੀਏ ਭਾਰਤ ਸੰਪਰਕ ਕੀਤਾ ਤਾਂ ਅਮਨਦੀਪ ਕੌਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਨ੍ਹਾਂ ਤੋਂ ਅਮਨਦੀਪ ਕੌਰ ਨੂੰ ਇਟਲੀ ਬੁਲਾਉਣ ਦਾ ਆਨੇ-ਬਹਾਨੇ ਖਰਚ ਮੰਗ ਰਿਹਾ ਹੈ, ਜਿਸ ਕਾਰਨ ਉਨ੍ਹਾਂ ਇਟਲੀ ਤੋਂ ਅਮਨਦੀਪ ਕੌਰ ਦੇ ਆਏ ਪੇਪਰ ਅੰਬੈਂਸੀ 'ਚ ਜਮਾਂ ਨਹੀਂ ਕਰਵਾਏ। ਅਮਨਦੀਪ ਕੌਰ ਦੇ ਰਿਸ਼ਤੇਦਾਰ ਨੇ ਕਿਹਾ ਕਿ ਕਿਹੜੇ ਮਾਪੇ ਹਨ ਜਿਹੜੇ ਆਪਣੀ ਧੀ ਦੇ ਇਟਲੀ ਤੋਂ ਆਏ ਪੱਕੇ ਪੇਪਰ ਨਹੀਂ ਲੈਣਗੇ ਪਰ ਗੁਰਵਿੰਦਰ ਸਿੰਘ ਦਾਜ ਦਾ ਲਾਲਚੀ ਹੋਣ ਕਾਰਨ ਉਹ ਆਪਣੀ ਧੀ ਨੂੰ ਇਟਲੀ ਭੇਜਣ ਲਈ  ਤਿਆਰ ਨਹੀਂ ਹਨ। ਗੁਰਵਿੰਦਰ ਸਿੰਘ ਨਾਲ ਉਨ੍ਹਾਂ ਦਾ ਰਿਸ਼ਤਾ ਬਣੇ ਸਿਰਫ ਇਕ ਸਾਲ ਹੀ ਹੋਇਆ ਹੈ ਇਸ ਦੌਰਾਨ ਹੀ ਉਹ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗੀ ਜਾਂਦਾ ਹੈ। ਇਸ ਲਈ ਅਸੀਂ ਗੁਰਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਹੈ ਅਤੇ ਹੁਣ ਫੈਸਲਾ ਮਾਣਯੋਗ ਅਦਾਲਤ ਹੀ ਕਰੇਗੀ।


Related News