ਕੈਨੇਡਾ ’ਚ ਖਾਲਿਸਤਾਨੀਆਂ ਨੇ ਮੁੜ ਜਾਰੀ ਕੀਤਾ ਭਾਰਤ ਵਿਰੋਧੀ ਪੋਸਟਰ, ਟਰੂਡੋ ਸਰਕਾਰ ਨੇ ਬੰਦ ਕੀਤੀਆਂ ਹਨ ਅੱਖਾਂ

Sunday, Jul 23, 2023 - 10:13 AM (IST)

ਕੈਨੇਡਾ ’ਚ ਖਾਲਿਸਤਾਨੀਆਂ ਨੇ ਮੁੜ ਜਾਰੀ ਕੀਤਾ ਭਾਰਤ ਵਿਰੋਧੀ ਪੋਸਟਰ, ਟਰੂਡੋ ਸਰਕਾਰ ਨੇ ਬੰਦ ਕੀਤੀਆਂ ਹਨ ਅੱਖਾਂ

ਜਲੰਧਰ (ਇੰਟ.)- ਵਿਦੇਸ਼ਾਂ ’ਚ ਬੈਠੇ ਅੱਤਵਾਦੀ ਹੁਣ ਭਾਰਤੀ ਸਿਆਸਤਦਾਨਾਂ ਅਤੇ ਡਿਪਲੋਮੈਟਾਂ ਨੂੰ ਧਮਕੀਆਂ ਦੇਣ ’ਤੇ ਉਤਰ ਆਏ ਹਨ। ਟੋਰਾਂਟੋ ’ਚ ਭਾਰਤੀ ਵਣਜ ਦੂਤਘਰ ਦੇ ਬਾਹਰ ਐੱਸ. ਜੇ. ਐੱਫ. (ਸਿੱਖਸ ਫਾਰ ਜਸਟਿਸ) ਦਾ ਪ੍ਰਦਰਸ਼ਨ ਨਾਕਾਮ ਹੋਣ ਤੋਂ ਬਾਅਦ ਬੌਖਲਾਹਟ ’ਚ ਹੁਣ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਇਕ ਵਾਰ ਫਿਰ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਪੋਸਟਰ ਜਾਰੀ ਕਰਕੇ 15 ਅਗਸਤ ਨੂੰ ਸੁਤੰਤਰਤਾ ਦਿਵਸ ’ਤੇ ਵਿਦੇਸ਼ਾਂ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਐੱਸ. ਜੇ. ਐੱਫ. ਦੇ ਪੋਸਟਰਾਂ ’ਚ ਭਾਰਤ ਦੇ ਨਕਸ਼ੇ ’ਤੇ ਟੈਂਕਾਂ ਰਾਹੀਂ ਗੋਲੇ ਵਰ੍ਹਾਉਂਦੇ ਹੋਏ ਦਿਖਾਇਆ ਗਿਆ ਹੈ, ਜਦਕਿ ਵਿਦੇਸ਼ਾਂ ’ਚ ਡਿਪਲੋਮੈਟਾਂ ਨੂੰ ਅੱਤਵਾਦੀ ਨਿੱਝਰ ਦੇ ਕਤਲ ਦਾ ਦੋਸ਼ੀ ਦੱਸਦੇ ਹੋਏ ਉਨ੍ਹਾਂ ਦੇ ਵਾਂਟਿਡ ਦੇ ਪੋਸਟਰ ਜਾਰੀ ਕੀਤੇ ਗਏ ਹਨ। ਖੁਫੀਆ ਏਜੰਸੀਆਂ ਦੀ ਜਾਣਕਾਰੀ ਮੁਤਾਬਕ ਵਿਦੇਸ਼ਾਂ ’ਚ ਖਾਲਿਸਤਾਨੀ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਉਹ ਵਿਦੇਸ਼ਾਂ ’ਚ ਭਾਰਤੀ ਕੌਂਸਲੇਟ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੀਆਂ ਵੀ ਸੂਚਨਾਵਾਂ ਹਨ ਕਿ ਉੱਥੇ ਤਾਇਨਾਤ ਭਾਰਤ ਸਰਕਾਰ ਦੇ ਡਿਪਲੋਮੈਟਾਂ ਦੇ ਕਤਲ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਕੈਨੇਡਾ ਦੀ ਟਰੂਡੋ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।

ਕਿਉਂ ਬੌਖਲਾਏ ਹੋਏ ਹਨ ਖਾਲਿਸਤਾਨੀ ਅੱਤਵਾਦੀ

ਅਮਰੀਕਾ ’ਚ ਰਹਿਣ ਵਾਲਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੇ ਸਾਥੀ ਆਪਣੇ ਸਹਿਯੋਗੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਬੌਖਲਾਏ ਹੋਏ ਹਨ। ਦਰਅਸਲ ਇਹ ਇਹ ਦੋਵੇਂ ਵਿਦੇਸ਼ਾਂ ’ਚ ਕੁਝ ਸਿੱਖਾਂ ਨੂੰ ਗੁੰਮਰਾਹ ਕਰਕੇ ਖਾਲਿਸਤਾਨ ਦਾ ਜਨਮਤ ਸੰਗ੍ਰਿਹ ਚਲਾ ਰਹੇ ਸਨ ਅਤੇ ਜਨਮਤ ਸੰਗ੍ਰਿਹ ਮੁਹਿੰਮ ਸ਼ੁਰੂ ਕਰਨ ਲਈ ਹੋਰ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ ਵੀ ਗਏ ਸਨ। ਪਹਿਲਾਂ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੀ ਅਗਵਾਈ ਕਰ ਰਿਹਾ ਸੀ ਪਰ ਸਾਲ 2019 ਵਿਚ ਉਸ ਨੇ ਗੁਰਪਤਵੰਤ ਪੰਨੂ ਨਾਲ ਹੱਥ ਮਿਲਾ ਲਿਆ। ਇਸ ਤੋਂ ਬਾਅਦ ਉਸ ਨੂੰ ਕੈਨੇਡਾ ’ਚ ਜਨਮਤ ਸੰਗ੍ਰਹਿ ਮੁਹਿੰਮ ਚਲਾਉਣ ਦਾ ਕੰਮ ਦਿੱਤਾ ਗਿਆ। ਉਹ ਕੈਨੇਡਾ ’ਚ ‘ਸਿੱਖਸ ਫਾਰ ਜਸਟਿਸ’ ਦਾ ਚਿਹਰਾ ਬਣ ਗਿਆ ਸੀ। ਉਸ ਨੇ ਸਰੀ ਅਤੇ ਵੈਨਕੂਵਰ ’ਚ ਕਈ ਪ੍ਰਦਰਸ਼ਨਾਂ ਅਤੇ ਰੈਲੀਆਂ ਦਾ ਆਯੋਜਨ ਵੀ ਕਰਵਾਇਆ ਸੀ। ਇਸ ਦੌਰਾਨ ਨਿੱਝਰ ਨੂੰ 18 ਜੂਨ ਨੂੰ ਕੈਨੇਡਾ ਦੇ ਸਰੀ ’ਚ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਪ੍ਰਵਾਸੀ ਭਾਰਤੀ ਬੋਲੇ-ਕਿਸੇ ਦੀ ਜਾਨ ਗਈ ਤਾਂ ਟਰੂਡੋ ਸਰਕਾਰ ਜ਼ਿੰਮੇਵਾਰ

ਐੱਸ. ਜੇ. ਐੱਫ. ਨੇ ਕੈਨੇਡਾ ਸਥਿਤ ਕੱਟੜ ਏਜੰਸੀਆਂ ਨੂੰ 15 ਅਗਸਤ ਨੂੰ ਓਟਾਵਾ, ਟੋਰਾਂਟੋ ਅਤੇ ਵੈਨਕੂਵਰ ’ਚ ਭਾਰਤੀ ਡਿਪਲੋਮੈਟ ਕੰਪਲੈਕਸਾਂ ਦਾ ਘਿਰਾਓ ਕਰਨ ਦੀ ਅਪੀਲ ਕੀਤੀ ਹੈ। ਸਮੂਹ ਨੇ ਵੈਨਕੂਵਰ ’ਚ ਤਥਾਕਥਿਤ ਸਿੱਖ ਜਨਮਤ ਸੰਗ੍ਰਹਿ ਲਈ 10 ਸਤੰਬਰ ਦਾ ਐਲਾਨ ਕੀਤਾ ਹੈ। ਕੈਨੇਡਾ ’ਚ ਰਹਿ ਰਹੇ ਪ੍ਰਵਾਸੀਆਂ ਨੇ ਇਨ੍ਹਾਂ ਸਰਗਰਮੀਆਂ ਲਈ ਜਸਟਿਨ ਟਰੂਡੋ ਸਰਕਾਰ  ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਲਿਸਤਾਨੀ ਗੁੰਡੇ ਸ਼ਰੇਆਮ ਭਾਰਤੀ ਡਿਪਲੋਮੈਟਾਂ ਅਤੇ ਪ੍ਰਵਾਸੀ ਭਾਰਤੀਆਂ ਖਿਲਾਫ ਹਿੰਸਾ ਭੜਕਾ ਰਹੇ ਹਨ। ਭਾਰਤ ਦੇ ਨਕਸ਼ੇ ’ਤੇ ਟੈਂਕਾਂ ਨਾਲ ਧਮਾਕਾ ਕਰਦੇ ਹੋਏ ਦਿਖਾਇਆ ਗਿਆ ਹੈ। ਅੱਤਵਾਦੀਆਂ ਨੇ ਇਸ ਵਾਰ ਕੈਨੇਡਾ ਦੇ ਡਿਪਲੋਮੈਟਾਂ ਤੋਂ ਇਲਾਵਾ ਅਮਰੀਕਾ ’ਚ ਭਾਰਤੀ ਡਿਪਲੋਮੈਟ ਤਰਣਜੀਤ ਸਿੰਘ ਸੰਧੂ ਦਾ ਵੀ ਵਾਂਟਿਡ ਦਾ ਪੋਸਟਰ ਜਾਰੀ ਕੀਤਾ ਹੈ। ਜੇਕਰ ਕੱਲ ਇਨ੍ਹਾਂ ਗੁੰਡਿਆਂ ਵਲੋਂ ਪ੍ਰਚਾਰਿਤ ਹਿੰਸਾ ’ਚ ਭਾਰਤੀ ਮੂਲ ਦੇ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਤਾਂ ਕੈਨੇਡਾ ਸਰਕਾਰ ਉਸ ਲਈ ਜ਼ਿੰਮੇਵਾਰ ਹੋਵੇਗੀ, ਕਿਉਂਕਿ ਟਰੂਡੋ ਸਰਕਾਰ ਇਨ੍ਹਾਂ ਗਤੀਵਿਧੀਆਂ ਨੂੰ ਅੱਖਾਂ ਬੰਦ ਕਰਕੇ ਇਜਾਜ਼ਤ ਦਿੰਦੀ ਆ ਰਹੀ ਹੈ।

41 ਅੱਤਵਾਦੀਆਂ ਦੀ ਲਿਸਟ ’ਚ ਸ਼ਾਮਲ ਸੀ ਹਰਦੀਪ ਸਿੰਘ

ਕੈਨੇਡਾ ਦੀਆਂ ਏਜੰਸੀਆਂ ਸਪੱਸ਼ਟ ਕਰ ਚੁੱਕੀਆਂ ਹਨ ਕਿ ਨਿੱਝਰ ਦੇ ਕਤਲ ’ਚ ਭਾਰਤ ਦਾ ਕੋਈ ਹੱਥ ਨਹੀਂ ਹੈ, ਇਸ ਦੇ ਬਾਵਜੂਦ ਕੈਨੇਡਾ ਆਪਣੇ ਉੱਥੇ ਅੱਤਵਾਦੀ ਸੰਗਠਨ ਐੱਸ. ਜੇ. ਐੱਫ. ਨੂੰ ਭਾਰਤ ਵਿਰੋਧੀ ਗਤਵਿਧੀਆਂ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਨਿੱਝਰ ਦਾ ਨਾਂ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ 41 ਅੱਤਵਾਦੀਆਂ ਦੀ ਲਿਸਟ ’ਚ ਸ਼ਾਮਲ ਸੀ। ਉਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਸੀ। ਉਹ ਮੂਲ ਤੌਰ ’ਤੇ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਕੈਨੇਡਾ ’ਚ ਰਹਿ ਕੇ ਖਾਲਿਸਤਾਨੀ ਸੋਚ ਨੂੰ ਹਵਾ ਦੇ ਰਿਹਾ ਸੀ। ਭਾਰਤ ਸਰਕਾਰ ਲਗਾਤਾਰ ਨਿੱਝਰ ’ਤੇ ਸ਼ਿਕੰਜਾ ਕੱਸ ਰਹੀ ਸੀ ਅਤੇ ਉਸ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੇ 2 ਸਾਥੀਆਂ ਨੂੰ ਫਿਲੀਪੀਨਜ਼ ਅਤੇ ਮਲੇਸ਼ੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਿੱਝਰ ’ਤੇ ਭਾਰਤ ਦੀ ਜਾਂਚ ਏਜੰਸੀ ਵਲੋਂ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ: PM ਸੁਨਕ ਨੂੰ ਝਟਕਾ, ਉਪ-ਚੋਣਾਂ 'ਚ ਪਾਰਟੀ ਦੋ ਸੀਟਾਂ 'ਤੇ ਹਾਰੀ, ਇੱਕ 'ਤੇ ਜਿੱਤ ਦਰਜ

ਐੱਨ. ਆਈ. ਏ. ਨੇ ਕੀਤਾ ਸੀ ਸਾਜ਼ਿਸ਼ਾਂ ਦਾ ਖੁਲਾਸਾ

ਇਕ ਰਿਪੋਰਟ ਮੁਤਾਬਕ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐੱਨ ਆਈ. ਏ.) ਨੇ ਭਾਰਤੀ ਡਿਪਲੋਮੈਟਾਂ ਖਿਲਾਫ ਰਚੀਆਂ ਜਾ ਰਹੀਆਂ ਖਤਰਨਾਕ ਸਾਜ਼ਿਸ਼ਾਂ ਦਾ ਜ਼ਿਕਰ 16 ਜੂਨ ਨੂੰ ਦਰਜ ਆਪਣੀ ਇਕ ਐੱਫ. ਆਈ. ਆਰ. ’ਚ ਵੀ ਕੀਤਾ ਸੀ। ਜਾਣਕਾਰੀ ਮੁਤਾਬਕ ਇਸ ਸਾਜ਼ਿਸ਼ ਦੇ ਸੂਤਰਧਾਰ ਸਾਨ ਫਰਾਂਸਿਸਕੋ ’ਚ ਰਹਿ ਰਿਹਾ ਬਾਬਾ ਸਰਵਣ ਸਿੰਘ ਅਤੇ ਉਸ ਦੇ 7 ਸਹਿਯੋਗੀ ਹਨ। ਇਹ ਸਾਰੇ ਅੱਤਵਾਦੀ ਫਿਲਹਾਲ ਐੱਨ. ਆਈ. ਏ. ਦੇ ਰਾਡਾਰ ’ਤੇ ਹਨ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਖਾਲਿਸਤਾਨੀ ਅੱਤਵਾਦੀਆਂ ਨੇ ਪੁਰਤਗਾਲ ਨੂੰ ਹੁਣ ਆਪਣਾ ਨਵਾਂ ਟਿਕਾਣਾ ਬਣਾਇਆ ਹੈ। ਇੱਥੋਂ ਉਹ ਭਾਰਤ ’ਚ ਅੱਤਵਾਦ ਦੀਆਂ ਨਵੀਆਂ ਸਾਜ਼ਿਸ਼ਾਂ ਰਚ ਰਹੇ ਹਨ। ਖਾਲਿਸਤਾਨ ਮੂਵਮੈਂਟ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਪੰਜਾਬ ’ਚ ਫੜੇ ਗਏ ਕੁਝ ਅਪਰਾਧੀਆਂ ਕੋਲੋਂ ਪੁਰਤਗਾਲੀ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਸੀ। ਇਸ ਪੂਰੀ ਸਾਜ਼ਿਸ਼ ਦੇ ਪਿੱਛੇ ਪਾਕਿਸਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹੱਥ ਹੈ। ਉਹ ਸਾਰੇ ਅੱਤਵਾਦੀਆਂ ਨੂੰ ਹਥਿਆਰ ਤੇ ਪੈਸੇ ਮੁਹੱਈਆ ਕਰਵਾ ਰਹੀ ਹੈ ਤਾਂ ਜੋਂ ਭਾਰਤ ’ਚ ਪੰਜਾਬ ਸਣੇ ਦੂਜੇ ਸੂਬਿਆਂ ’ਚ ਅੱਤਵਾਦ ਦੀ ਅੱਗ ਭੜਕਾਈ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News