ਕੈਨੇਡਾ 'ਚ ਸਵਾਸਤਿਕ ਦੇ ਨਿਸ਼ਾਨ ਨੂੰ ਬੈਨ ਕਰਨ ਵਾਲੇ ਬਿੱਲ ਦਾ ਹਿੰਦੂ ਜੱਥੇਬੰਦੀਆਂ ਨੇ ਕੀਤਾ ਵਿਰੋਧ

Sunday, Feb 20, 2022 - 09:26 AM (IST)

ਓਟਾਵਾ/ਓਂਟਾਰੀਓ (ਰਾਜ ਗੋਗਨਾ): ਕੈਨੇਡਾ ਦੀ ਪਾਰਲੀਮੈਂਟ ਵਿਚ ਨਾਜ਼ੀ ਪਾਰਟੀ ਨਾਲ ਸਬੰਧਤ ਸਵਾਸਤਿਕ ਅਤੇ ਹੋਰ ਨਫਰਤ ਭਰੇ ਨਿਸ਼ਾਨਾ ਨੂੰ ਬੈਨ ਕਰਨ ਵਾਲੇ ਪ੍ਰਾਈਵੇਟ ਬਿਲ Bill C-229 ਦਾ ਹਿੰਦੂ ਜੱਥੇਬੰਦੀਆਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਹ ਪ੍ਰਾਈਵੇਟ ਬਿਲ Bill C-229 ਐਨਡੀਪੀ ਦੇ ਸਾਂਸਦ ਪੀਟਰ ਜੁਲੀਅਨ ਵੱਲੋਂ ਲਿਆਂਦਾ ਗਿਆ ਹੈ। ਇਸ ਬਿੱਲ ਦਾ ਮਕਸਦ ਨਾਜ਼ੀ ਪਾਰਟੀ ਦੇ ਸਵਾਸਤਿਕ ਦੇ ਨਿਸ਼ਾਨ, ਕਨਫੈਡਰੇਟ ਫਲੈਗ ਅਤੇ ਹੋਰ ਨਫਰਤ ਭਰੇ ਨਿਸ਼ਾਨਾ 'ਤੇ ਬੈਨ ਲਾਉਣਾ ਹੈ। ਕੈਨੇਡਾ ਵਿਚ ਚੱਲ ਰਹੇ ਵੈਕਸੀਨ ਮੈਂਡਟ ਵਿਰੋਧੀ ਮੁਜਾਹਰਿਆਂ ਵਿਚ ਨਾਜ਼ੀ ਪਾਰਟੀ ਦੇ ਨਿਸ਼ਾਨ ਦੇ ਨਾਲ ਕੁਝ ਹੋਰ ਇਤਰਾਜ਼ਯੋਗ ਨਿਸ਼ਾਨ ਵੀ ਵੇਖਣ ਨੂੰ ਮਿਲੇ ਸਨ। 

ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਨਾਜ਼ੀ ਪਾਰਟੀ ਨਾਲ ਸਬੰਧਤ ਸਵਾਸਤਿਕ ਅਤੇ ਕਨਫੈਡਰੇਟ ਝੰਡਿਆਂ ਲਈ ਕੈਨੇਡਾ ਵਿਚ ਕੋਈ ਥਾਂ ਨਹੀ ਹੋਣੀ ਚਾਹੀਦੀ। ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਵੱਸਦਾ ਯਹੂਦੀ ਭਾਈਚਾਰਾ ਨਾਜ਼ੀ ਪਾਰਟੀ ਦੇ ਇਸ ਨਿਸ਼ਾਨ 'ਤੇ ਹਮੇਸ਼ਾ ਇਤਰਾਜ਼ ਪ੍ਰਗਟ ਕਰਦਾ ਆਇਆ ਹੈ ਕਿ ਇਸ ਨਾਲ ਉਨਾਂ ਦੀ ਨਸਲਕੁਸ਼ੀ ਨੂੰ ਜਾਇਜ ਠਹਿਰਾਇਆ ਜਾਂਦਾ ਰਿਹਾ ਹੈ। ਹਿੰਦੂ ਭਾਈਚਾਰੇ ਦੀ ਗੱਲ ਕਰੀਏ ਤਾਂ ਨਾਰਥ ਅਮਰੀਕਾ ਨਾਲ ਸਬੰਧਤ ਹਿੰਦੂ ਜੱਥੇਬੰਦੀਆਂ ਨੇ ਇਸ ਬਿਲ ਦੇ ਵਿਰੋਧ ਵਿਚ ਚਾਰਜੋਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਸਵਾਸਤਿਕ ਹਿੰਦੂਆਂ ਦਾ ਪਵਿੱਤਰ ਨਿਸ਼ਾਨ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਹਿੱਟ ਐਂਡ ਰਨ ਦੀ ਸ਼ਿਕਾਰ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ

ਲਿਬਰਲ ਪਾਰਟੀ ਨਾਲ ਸਬੰਧਤ ਸਾਂਸਦ ਚੰਦਰ ਆਰੀਆ ਨੇ ਕਿਹਾ ਹੈ ਕਿ ਪਾਰਟੀ ਕਾਕਸ ਵਿਚ ਇਸ ਮੁੱਦੇ ਨੂੰ ਚੁੱਕਣਗੇ। ਅਮਰੀਕਾ ਦੀ ਹਿੰਦੂ ਜੱਥੇਬੰਦੀ "ਹਿੰਦੂ ਪੈਕਟ" ਨੇ ਕਿਹਾ ਹੈ ਕੀ ਸਵਾਸਤਿਕ ਹਿੰਦੂਆਂ ਦਾ ਪ੍ਰਾਚੀਨ ਚਿੰਨ੍ਹ ਹੈ। ਇਸਨੂੰ ਨਾਜ਼ੀ ਪਾਰਟੀ ਦੇ ਹਾਕਨਕਰੋਇਜ਼ (Hakenkreuz) ਨਾਲ ਨਾ ਮਿਲਾਇਆ ਜਾਵੇ।ਟੋਰਾਂਟੋ ਤੋਂ ਕਾਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਮਸਲਾ ਕੈਨੇਡੀਅਨ ਸਰਕਾਰ ਅੱਗੇ ਰੱਖਿਆ ਹੈ ਤੇ ਇਸ ਬਾਬਤ ਕੁਝ ਪਟੀਸ਼ਨਾਂ ਵੀ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਇਸ ਬਿੱਲ ਖ਼ਿਲਾਫ਼ ਪਿਛਲੇ ਦਿਨੀਂ ਸਰੀ ਬ੍ਰਿਟਿਸ਼ ਕੋਲੰਬੀਆ ਵਿਚ ਇੱਕ ਰੈਲੀ ਵੀ ਹੋਈ ਸੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ। 


Vandana

Content Editor

Related News