ਬ੍ਰਾਜ਼ੀਲ : 41 ਲੱਖ ਲੋਕ ਨਹੀਂ ਲੈ ਰਹੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ, ਸਰਕਾਰ ਦੀ ਵਧੀ ਚਿੰਤਾ
Tuesday, Jun 29, 2021 - 03:46 PM (IST)
ਬ੍ਰਾਸੀਲੀਆ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਇਸ ਤੋਂ ਬਚਾਅ ਲਈ ਦੁਨੀਆ ਭਰ ਵਿਚ ਟੀਕਾਕਰਨ ਮੁਹਿੰਮ ਸੁਰੂ ਹੋ ਚੁੱਕੀ ਹੈ। ਅਮਰੀਕਾ ਦੇ ਬਾਅਦ ਕੋਰੋਨਾ ਨਾਲ ਸਭ ਤੋਂ ਵੱਧ 5,13,544 ਮੌਤਾਂ ਬ੍ਰਾਜ਼ੀਲ ਵਿਚ ਹੋਈਆਂ ਹਨ। ਬ੍ਰਾਜ਼ੀਲ ਕੋਰੋਨਾ ਟੀਕਾਕਰਨ ਮਾਮਲੇ ਵਿਚ ਪਿੱਛੇ ਰਹਿ ਗਿਆ ਹੈ। ਜਾਣਕਾਰੀ ਮੁਤਾਬਕ 41 ਲੱਖ ਲੋਕ ਨਿਰਧਾਰਤ ਮਿਆਦ ਖ਼ਤਮ ਹੋਣ ਦੇ ਬਾਅਦ ਦੂਜੀ ਖੁਰਾਕ ਲੈਣ ਲਈ ਨਹੀਂ ਪਹੁੰਚੇ। ਇਹ ਪਹਿਲੀ ਖੁਰਾਕ ਲੈਣ ਵਾਲੇ ਲੋਕਾਂ ਦਾ 16 ਫੀਸਦੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਦਾ ਐਂਟੀ ਕੋਵਿਡ 'ਟੀਕਾ' ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵੀ
ਸਿਹਤ ਮੰਤਰਾਲੇ ਦੇ ਦਸਤਾਵੇਜ਼ਾਂ ਮੁਤਾਬਕ ਲੋਕ ਦੂਜੀ ਖੁਰਾਕ ਲੈਣਾ ਭੁੱਲ ਰਹੇ ਹਨ। ਖਾਸ ਕਰ ਕੇ ਬਜ਼ੁਰਗਾ ਨੂੰ ਉਹਨਾਂ ਦੇ ਪਰਿਵਾਰ ਵਾਲੇ ਦੂਜੀ ਖੁਰਾਕ ਦਿਵਾਉਣ ਲਈ ਟੀਕਾਕਰਨ ਕੇਂਦਰਾਂ ਤੱਕ ਨਹੀਂ ਲਿਆ ਰਹੇ। ਭਾਵੇਂਕਿ ਸਰਕਾਰ ਨੇ ਮੰਨਿਆਹੈ ਕਿ ਕਈ ਖੇਤਰਾਂ ਵਿਚ ਇੰਟਰਨੈੱਟ ਜਿਹੀਆਂ ਸਹੂਲਤਾਂ ਦੀ ਕਮੀ ਕਾਰਨ ਵੀ ਰਜਿਸਟ੍ਰੇਸ਼ਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕ ਬਹੁਤ ਨਿਰਾਸ਼ ਹਨ। ਉਹਨਾਂ ਵਿਚ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਇੱਛਾਸ਼ਕਤੀ ਘੱਟ ਗਈ ਹੈ। ਜਦਕਿ ਕਈ ਲੋਕਾਂ ਨੇ ਵੈਕਸੀਨ ਦੀ ਸਪਲਾਈ ਵਿਚ ਭ੍ਰਿਸ਼ਟਾਚਾਰ ਦਾ ਵੀ ਦੋਸ਼ ਲਗਾਇਆ ਹੈ। ਜਨਤਕ ਸਿਹਤ ਮਾਹਰ ਡਾਕਟਰ ਲਿਗਿਯਾ ਬਾਹੀਆ ਨੇ ਕਿਹਾ ਕਿ ਪਹਿਲਾਂ ਹੀ ਬ੍ਰਾਜ਼ੀਲ ਕੋਰੋਨਾ ਮੌਤਾਂ ਦੇ ਬੋਝ ਹੇਠ ਦੱਬਿਆ ਹੈ ਅਜਿਹੇ ਵਿਚ ਟੀਕਾਕਰਨ ਦੀ ਕਮੀ ਇਸ ਨੂੰ ਗੰਭੀਰ ਸੰਕਟ ਵਿਚ ਪਹੁੰਚਾ ਸਕਦੀ ਹੈ।