ਪਾਕਿਸਤਾਨ ਦੇ PM ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਸੁਰੱਖਿਆ ਕੀਤੀ ਗਈ ਸਖ਼ਤ

Friday, Apr 01, 2022 - 05:14 PM (IST)

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਐਤਵਾਰ ਨੂੰ ਬੇਭਰੋਸਗੀ ਮਤੇ ਤੋਂ ਪਹਿਲਾਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਖਾਨ ਦੇ ਕਤਲ ਦੀ ਸਾਜ਼ਿਸ਼ ਦੀ ਸੂਚਨਾ ਦਿੱਤੀ ਹੈ। 'ਡਾਨ' ਅਖ਼ਬਾਰ ਨੇ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਖ਼ਬਰਾਂ ਤੋਂ ਬਾਅਦ ਸਰਕਾਰ ਦੇ ਫ਼ੈਸਲੇ ਮੁਤਾਬਕ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਆਗੂ ਫੈਜ਼ਲ ਵਾਵੜਾ ਨੇ ਅਜਿਹੇ ਹੀ ਦਾਅਵੇ ਕੀਤੇ ਸਨ। 

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਮਹਿੰਗਾਈ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, 45 ਲੋਕ ਗ੍ਰਿਫ਼ਤਾਰ, ਲਗਾਇਆ ਗਿਆ ਕਰਫਿਊ

ਉਨ੍ਹਾਂ ਕਿਹਾ ਸੀ ਕਿ ਖਾਨ ਨੂੰ "ਦੇਸ਼ ਵੇਚਣ" ਤੋਂ ਇਨਕਾਰ ਕਰਨ 'ਤੇ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਾਵੜਾ ਨੇ ਕਿਹਾ ਸੀ ਕਿ ਖਾਨ ਦੀ ਜਾਨ ਨੂੰ ਖ਼ਤਰਾ ਹੈ। ਵਾਵੜਾ ਨੇ ਇਹ ਵੀ ਕਿਹਾ ਸੀ ਕਿ ਖਾਨ ਨੂੰ ਕਈ ਵਾਰ ਕਿਹਾ ਗਿਆ ਕਿ ਉਨ੍ਹਾਂ ਦੀ 27 ਮਾਰਚ ਨੂੰ ਹੋਈ ਰੈਲੀ ਦੇ ਮੰਚ ਦੇ ਸਾਹਮਣੇ ਬੁਲੇਟਪਰੂਫ ਸ਼ੀਸ਼ੇ ਲਗਾਉਣ ਦੀ ਜ਼ਰੂਰਤ ਹੈ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਸੂਚਨਾ ਮੰਤਰੀ ਚੌਧਰੀ ਨੇ ਇਹ ਦਾਅਵੇ ਉਦੋਂ ਕੀਤੇ ਹਨ, ਜਦੋਂ ਇਕ ਦਿਨ ਪਹਿਲਾਂ ਖਾਨ ਨੇ ਦੇਸ਼ ਦੇ ਨਾਮ ਦਿੱਤੇ ਸੰਬੋਧਨ ਵਿਚ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਵਿਰੋਧੀ ਨੇਤਾਵਾਂ ਅਤੇ ਉਨ੍ਹਾਂ ਦੇ ਕਥਿਤ ਆਕਾਵਾਂ ਵੱਲੋਂ ਉਨ੍ਹਾਂ ਦੀ ਸਰਕਾਰ ਦੇ ਖ਼ਿਲਾਫ਼ 'ਅੰਤਰਰਾਸ਼ਟਰੀ ਸਾਜ਼ਿਸ਼' ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ। ਖਾਨ ਨੇ ਰਾਸ਼ਟਰ ਨੂੰ ਦਿੱਤੇ ਆਪਣੇ ਸੰਬੋਧਨ ਵਿਚ "ਧਮਕੀ ਵਾਲੇ ਇਕ ਪੱਤਰ 'ਤੇ" ਵੀ ਚਰਚਾ ਕੀਤੀ, ਜਿਸ ਨੂੰ ਉਨ੍ਹਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਗਠਜੋੜ ਸਰਕਾਰ ਨੂੰ ਡੇਗਣ ਲਈ ਵਿਦੇਸ਼ੀ ਸਾਜ਼ਿਸ਼ ਦਾ "ਸਬੂਤ" ਦੱਸਿਆ। ਉਨ੍ਹਾਂ ਨੇ ਇਸ ਧਮਕੀ ਪਿੱਛੇ ਅਮਰੀਕਾ ਦਾ ਨਾਂ ਲਿਆ, ਜੋ ਸ਼ਾਇਦ ਜ਼ੁਬਾਨ ਫਿਸਲਣ ਕਾਰਨ ਸੀ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਵਿਦਿਆਰਥਣ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ 'ਚ ਹੋਵੇਗੀ ਪ੍ਰਦਰਸ਼ਿਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News