ਇਮਰਾਨ ਖਾਨ ਨੇ ਚੀਨ ਨੂੰ ਬੱਸ ਧਮਾਕੇ ਦੀ ਮੁਕੰਮਲ ਜਾਂਚ ਦਾ ਦਿੱਤਾ ਭਰੋਸਾ

Friday, Jul 16, 2021 - 04:07 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਆਪਣੇ ਚੀਨੀ ਹਮਰੁਤਬਾ ਲੀ ਕਚਿਯਾਂਗ ਨੂੰ ਭਰੋਸਾ ਦਿੱਤਾ ਕਿ ਬੱਸ ਧਮਾਕੇ ਦੀ ਪੂਰੀ ਜਾਂਚ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ, ਜਿਸ ਵਿਚ 9 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਦੁਸ਼ਮਣ ਤਾਕਤਾਂ ਨੂੰ ਦੋਹਾਂ ਦੇਸ਼ਾਂ ਵਿਚਕਾਰ ਦੋਸਤਾਨਾ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਛੋਟ ਨਹੀਂ ਦਿੱਤੀ ਜਾਵੇਗੀ। ਇਮਰਾਨ ਨੇ ਚੀਨੀ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਉੱਪੀ ਕੋਹਿਸਤਾਨ ਦੇ ਦਾਸੂ ਇਲਾਕੇ ਵਿਚ ਬੁੱਧਵਾਰ ਨੂੰ ਚੀਨੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਜਤਾਇਆ। 

ਉਸਾਰੀ ਅਧਾਨ ਦਾਸੂ ਪੁਲ ਤੱਕ ਚੀਨ ਦੇ ਇੰਜੀਨੀਅਰ ਤੇ ਵਰਕਰਾਂ ਨੂੰ ਲੈਕੇ ਜਾ ਰਹੀ ਬੱਸ ਵਿਚ ਧਮਾਕਾ ਹੋਣ ਨਾਲ 9 ਚੀਨੀ ਨਾਗਰਿਕਾਂ ਅਤੇ ਫਰੰਟੀਅਰ ਕੋਰ ਦੇ ਦੋ ਸੈਨਿਕਾਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਵਿਅਕਤੀ ਜ਼ਖਮੀ ਹੋ ਗਏ। ਇਕ ਸਰਕਾਰੀ ਬਿਆਨ ਮੁਤਾਬਕ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਵਿਚਕਾਰ ਮਜ਼ਬੂਤ ਦੋਸਤੀ ਹੈ ਜੋ ਹਰ ਹਾਲਾਤ ਵਿਚ ਨਿਭਾਈ ਗਈ ਹੈ। ਉਹਨਾਂ ਨੇ ਕਿਹਾ,''ਕਿਸੇ ਵੀ ਦੁਸ਼ਮਣ ਤਾਕਤ ਨੂੰ ਪਾਕਿਸਤਾਨ ਅਤੇ ਚੀਨ ਵਿਚਕਾਰ ਦੋਸਤਾਨਾ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।'' ਇਮਰਾਨ ਨੇ ਲੀ ਨੂੰ ਭਰੋਸਾ ਦਿੱਤਾ ਸੀ ਕਿ ਘਟਨਾ ਦੀ ਜਾਂਚ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ, ਵਰਕਰਾਂ, ਪ੍ਰਾਜੈਕਟਾਂ ਅਤੇ ਸੰਸਥਾਵਾਂ ਦੀ ਸੁਰੱਖਿਆ ਉਹਨਾਂ ਦੀ ਸਰਕਾਰ ਦੀ ਉੱਚ ਤਰਜੀਹ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਜਨਤਾ ਦਾ ਬੁਰਾ ਹਾਲ, ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਦੁੱਖ ਵਿਚ ਡੁੱਬੇ ਪਰਿਵਾਰ ਵਾਲਿਆਂ ਦੇ ਦਰਦ ਤੋਂ ਜਾਣੂ ਹਨ ਅਤੇ ਪਾਕਿਸਤਾਨ ਜ਼ਖਮੀ ਚੀਨੀ ਨਾਗਰਿਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਦੇ ਰਿਹਾ ਹੈ। ਹੁਣ ਤੱਕ ਇਹ ਸਪਸ਼ੱਟ ਨਹੀਂ ਹੈ ਕਿ ਤਕਨੀਕੀ ਗੜਬੜੀ ਕਾਰਨ ਧਮਾਕਾ ਹੋਇਆ ਜਾਂ ਗੱਡੀ ਵਿਚ ਧਮਾਕਾ ਹੋਇਆ। ਚੀਨ ਨੇ ਇਸ ਨੂੰ ਜਿੱਥੇ ਬੰਬ ਧਮਾਕਾ ਦੱਸਿਆ ਹੈ ਉੱਥੇ ਪਾਕਿਸਤਾਨ ਦਾ ਕਹਿਣਾ ਹੈ ਕਿ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਧਮਾਕੇ ਦੀ ਜਾਂਚ ਲਈ ਮਾਹਰਾਂ ਦੀ ਇਕ ਵਿਸ਼ੇਸ਼ ਟੀਮ ਪਾਕਿਸਤਾਨ ਭੇਜ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ 'ਦੀਦੀ' ਦੀ ਸਾਈਬਰ ਸੁਰੱਖਿਆ ਜਾਂਚ ਕਰਾਉਣ ਦਾ ਕੀਤਾ ਐਲਾਨ


Vandana

Content Editor

Related News