ਇਮਰਾਨ ਖਾਨ ਨੂੰ ਆਪਣੇ ਹੀ ਮੁਲਕ ''ਚੋਂ ਮਿਲ ਰਹੀਆਂ ਧਮਕੀਆਂ

Sunday, Oct 06, 2019 - 11:46 PM (IST)

ਇਮਰਾਨ ਖਾਨ ਨੂੰ ਆਪਣੇ ਹੀ ਮੁਲਕ ''ਚੋਂ ਮਿਲ ਰਹੀਆਂ ਧਮਕੀਆਂ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਹੀ ਮੁਲਕ ਵਿਚ ਬੁਰੀ ਤਰ੍ਹਾਂ ਘਿਰ ਗਏ ਹਨ। ਪਾਕਿਸਤਾਨ ਵਿਚ ਉਨ੍ਹਾਂ ਖਿਲਾਫ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਜਮੀਅਤ ਉਲੇਮਾ-ਏ-ਇਸਲਾਮ ਦੇ ਨੇਤਾ ਮੌਲਾਨਾ ਫਜ਼ਲੁਰਹਿਮਾਨ ਨੇ ਇਮਰਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਸਲਾਮਾਬਾਦ ਤੱਕ 'ਆਜ਼ਾਦੀ ਮਾਰਚ' ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੌਲਾਨਾ ਫਜ਼ਲੁਰਹਿਮਾਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਮਾਰਚ ਨੂੰ ਰੋਕਿਆ ਗਿਆ, ਤਾਂ ਉਹ ਪੂਰੇ ਪਾਕਿਸਤਾਨ ਨੂੰ ਜਾਮ ਕਰ ਦੇਣਗੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੌਲਾਨਾ ਫਜ਼ਲੁਰਹਿਮਾਨ ਨੇ ਕਿਹਾ ਸੀ ਕਿ ਜਦੋਂ ਤੱਕ ਇਮਰਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਮੇਰੀ ਜੰਗ ਜਾਰੀ ਰਹੇਗੀ।

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਮੌਲਾਨਾ ਫਜ਼ਲੁਰਹਿਮਾਨ ਦੀ ਗੁੰਡਾਗਰਦੀ ਉਨ੍ਹਾਂ ਦੇ ਹੀ ਗਲੇ ਪਏਗੀ। ਮੌਲਾਨਾ ਦੇ ਅੱਗੇ ਖੂਹ ਅਤੇ ਪਿੱਛੇ ਖਾਈ ਹੋਵੇਗੀ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਮੌਲਾਨਾ ਫਜ਼ਲੁਰਹਿਮਾਨ ਦੀ ਪੂਰੀ ਕੋਸ਼ਿਸ਼ ਮਦਰਸਾ ਸੁਧਾਰ ਦੀ ਕੋਸ਼ਿਸ਼ ਨੂੰ ਰੋਕਣਾ ਹੈ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸੂਚਨਾ ਅਤੇ ਪ੍ਰਸਾਰਣ ਮਾਮਲਿਆਂ ਦੀ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਜੇਲ ਵਿਚ ਬੰਦ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਮੁਸਲਿਮ ਲੀਗ ਨਵਾਜ਼ ਦੇ ਨੇਤਾਵਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਨੇ ਨਾਂ ਲਏ ਬਿਨਾਂ ਕਿਹਾ ਕਿ ਜੇਲ ਵਿਚ ਬੰਦ ਸਿਆਸੀ ਬੌਨੇ ਮੌਲਾਨਾ ਨੂੰ ਢਾਲ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ। 


author

Sunny Mehra

Content Editor

Related News