ਇਮਰਾਨ ਖਾਨ ਨੂੰ ਮੱਖੀਆਂ ਤੇ ਖਟਮਲਾਂ ਨਾਲ ਭਰੀ ਕੋਠੜੀ ’ਚ ਰੱਖਿਆ ਗਿਆ
Wednesday, Aug 09, 2023 - 11:46 AM (IST)
ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਦੀ ਜਿਸ ਕੋਠੜੀ ਵਿਚ ਰੱਖਿਆ ਗਿਆ ਹੈ, ਉਹ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਹੋਈ ਹੈ ਅਤੇ ਉਸ ਵਿਚ ਟਾਇਲੈੱਟ ਵੀ ਖੁੱਲ੍ਹੇ ਵਿਚ ਬਣਿਆ ਹੋਇਆ ਹੈ। ਇਮਰਾਨ ਖਾਨ (70) ਦੇ ਅਟਾਰਨੀ ਜਨਰਲ ਨਈਮ ਹੈਦਰ ਪੰਜੋਠਾ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪ੍ਰਧਾਨ ਨੂੰ ਪੰਜਾਬ ਸੂਬੇ ਵਿਚ ਸਥਿਤ ਜੇਲ੍ਹ ਵਿਚ ਸੀ-ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਪੰਜੋਠਾ ਨੇ ਸੋਮਵਾਰ ਨੂੰ ਖਾਨ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਛੋਟੇ ਜਿਹੇ ਕਮਰੇ ਵਿਚ ਬੰਦ ਹਨ।
ਪੰਜੋਠਾ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਦੋਸ਼ਸਿੱਧੀ ਖਿਲਾਫ ਅਪੀਲ ਦਾਇਰ ਕਰਨ ਲਈ ਕਾਨੂੰਨੀ ਦਸਤਾਵੇਜ਼ ’ਤੇ ਉਨ੍ਹਾਂ ਦੇ ਦਸਤਖਤ ਕਰਵਾਉਣ ਲਈ ਜੇਲ ਦੇ ਇਕ ਅਧਿਕਾਰੀ ਦੀ ਮੌਜੂਦਗੀ ਵਿਚ ਇਮਰਾਨ ਖਾਨ ਨਾਲ ਲਗਭਗ ਇਕ ਘੰਟਾ 45 ਮਿੰਟ ਤੱਕ ਮੁਲਾਕਾਤ ਕੀਤੀ। ਵਕੀਲ ਨੇ ਮੀਡੀਆ ਨੂੰ ਕਿਹਾ ਕਿ ਇਮਰਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਹਨ੍ਹੇਰੇ ਕਮਰੇ ਵਿਚ ਰੱਖਿਆ ਗਿਆ ਹੈ ਜਿਥੇ ਦਿਨ ਵਿਚ ਮੱਖੀਆਂ ਮੰਡਰਾਉਂਦੀਆਂ ਰਹਿੰਦੀਆਂ ਹਨ ਅਤੇ ਰਾਤ ਨੂੰ ਕੀੜੀਆਂ ਆਉਂਦੀਆਂ ਹਨ। ਉਥੇ ਕੋਈ ਟੈਲੀਵਿਜ਼ਨ ਨਹੀਂ ਹੈ ਅਤੇ ਕੋਈ ਅਖਬਾਰ ਵੀ ਨਹੀਂ ਦਿੱਤਾ ਜਾਂਦਾ ਹੈ। ਕਿਸੇ ਨੂੰ ਮੈਨੂੰ ਮਿਲਣ ਨਹੀਂ ਦਿੱਤਾ ਜਾਂਦਾ, ਜਿਵੇਂ ਕਿ ਮੈਂ ਕੋਈ ਅੱਤਵਾਦੀ ਹੋਵਾਂ। ਦੇਸ਼ ਦੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿਚ ਬਿਤਾਉਣ ਲਈ ਤਿਆਰ ਹਨ।
ਪੰਜੋਠਾ ਨੇ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰੀ ਵਾਰੰਟ ਨਹੀਂ ਦਿਖਾਇਆ ਅਤੇ ਪੁਲਸ ਨੇ ਲਾਹੌਰ ਵਿਚ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੀ ਪਤਨੀ ਦੇ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਮਰਾਨ ਖਾਨ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਅਦਾਲਤ ਵਲੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਭੇਜੇ ਜਾਣ ਦਾ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਪੰਜਾਬ ਸੂਬੇ ਦੀ ਅਟਕ ਜੇਲ੍ਹ ਵਿਚ ਰੱਖਿਆ ਗਿਆ ਹੈ। ਓਧਰ ਇਮਰਾਨ ਖਾਨ ਨੇ ਆਪਣੇ ਵਕੀਲਾਂ ਖਵਾਜਾ ਹਾਰਿਸ ਅਤੇ ਗੌਹਰ ਅਲੀ ਖਾਨ ਦੇ ਮਾਧਿਅਮ ਨਾਲ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਆਪਣੀ ਦੋਸ਼ਸਿੱਧੀ ਅਤੇ 3 ਸਾਲ ਜੇਲ੍ਹ ਦੀ ਸਜ਼ਾ ਖਿਲਾਫ ਪਟੀਸ਼ਨ ਦਾਇਰ ਕੀਤੀ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਇਕ ਪੱਖਪਾਤਪੂਰਨ ਜੱਜ ਦਾ ਫੈਸਲਾ ਉਚਿਤ ਪ੍ਰਕਿਰਿਆ ਅਤੇ ਨਿਰਪੱਖ ਸੁਣਵਾਈ ਦੇ ਚਿਹਰੇ ’ਤੇ ਥੱਪੜ ਅਤੇ ਨਿਆਂ ਦਾ ਘੋਰ ਮਜ਼ਾਕ ਹੈ। ਪਟੀਸ਼ਨ ਵਿਚ ਇਮਰਾਨ ਖਾਨ ਨੂੰ ਜੇਲ ਤੋਂ ਰਿਹਾਅ ਕਰਨ ਦੀ ਬੇਨਤੀ ਕੀਤੀ ਗਈ ਹੈ।