ਕਰਤਾਰਪੁਰ ਲਾਂਘੇ ਦੇ ਸਹਾਰੇ ਪਾਕਿਸਤਾਨ ਦੀ ਅਰਥਵਿਵਸਥਾ, ਇਮਰਾਨ ਖਾਨ ਨੇ ਲਾਈਆਂ ਆਸਾਂ
Sunday, Oct 20, 2019 - 06:17 PM (IST)

ਇਸਲਾਮਾਬਾਦ— ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੁਲਕ ਦੀ ਡਾਵਾਂਡੋਲ ਅਰਥਵਿਵਸਥਾ ਨੂੰ ਸਹੀ ਕਰਨ ਲਈ ਕਰਤਾਰਪੁਰ ਲਾਂਘੇ ਤੋਂ ਆਸਾਂ ਲਾਈਆਂ ਹਨ। ਇਮਰਾਨ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਕਾਰੀਡੋਰ ਸਿੱਖ ਭਾਈਚਾਰੇ ਲਈ ਇਕ ਪ੍ਰਮੁੱਖ ਧਾਰਮਿਕ ਕੇਂਦਰ ਬਣਿਆ ਹੋਇਆ ਹੈ ਤੇ ਸਥਾਨਕ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਦੇਵੇਗਾ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ 'ਤੇ ਨਿਰਮਾਣ ਕਾਰਜ ਆਖਰੀ ਪੜਾਅ 'ਚ ਹੈ ਤੇ ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਹੈ। ਇਹ ਕਾਰੀਡੋਰ 9 ਨਵੰਬਰ ਨੂੰ ਜਨਤਕ ਰੂਪ ਨਾਲ ਖੁੱਲ੍ਹੇਗਾ। ਦੁਨੀਆ ਦੇ ਇਸ ਸਭ ਤੋਂ ਵੱਡੇ ਗੁਰਦੁਆਰੇ 'ਚ ਭਾਰਤ ਤੇ ਦੁਨੀਆ ਦੇ ਬਾਕੀ ਹਿੱਸਿਆਂ 'ਤੋਂ ਸਿੱਖ ਸ਼ਰਧਾਲੂ ਆਉਣਗੇ। ਇਹ ਨਾ ਸਿਰਫ ਸਿੱਖ ਭਾਈਚਾਰੇ ਦੇ ਲਈ ਇਕ ਪ੍ਰਮੁੱਖ ਧਾਰਮਿਕ ਕੇਂਦਰ ਹੋਵੇਗਾ ਬਲਕਿ ਸਥਾਨਕ ਅਰਥਵਿਵਸਥਾ ਨੂੰ ਵੀ ਬੜਾਵਾ ਦੇਵੇਗਾ।
ਉੱਧਰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਾਂਘੇ ਦੇ ਉਦਘਾਟਨ 'ਤੇ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵਿਕਾਰ ਕਰ ਲਿਆ ਹੈ। ਕੁਰੈਸ਼ੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸੀ ਨੇਤਾ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਪੱਤਰ ਲਿੱਖ ਕੇ ਸਮਾਗਮ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਨਮੋਹਨ ਸਿੰਘ ਆਮ ਆਦਮੀ ਵਾਂਗ ਸਮਾਗਮ 'ਚ ਸ਼ਾਮਲ ਹੋਣਗੇ ਨਾ ਕਿ ਕਿਸੇ ਉੱਚ ਮਹਿਮਾਨ ਵਾਂਗ।