ਤਾਲਿਬਾਨ ਦਾ ਪਾਕਿ ਨੂੰ ਕਰਾਰਾ ਜਵਾਬ, ਕਿਹਾ-TTP ਤੁਹਾਡੀ ਸਮੱਸਿਆ, ਇਸ ਨੂੰ ਖੁਦ ਹੱਲ ਕਰੋ
Sunday, Aug 29, 2021 - 01:03 PM (IST)
ਇਸਲਾਮਾਬਾਦ (ਏ.ਐੱਨ.ਆਈ.): ਤਾਲਿਬਾਨ ਨੇ ਪਾਕਿਸਤਾਨ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਸਾਫ ਕਰ ਦਿੱਤਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਉਹਨਾਂ ਦੀ ਸਮੱਸਿਆ ਨਹੀਂ ਹੈ।ਇਸ ਮੁੱਦੇ ਨੂੰ ਪਾਕਿਸਤਾਨ ਨੂੰ ਖੁਦ ਹੱਲ ਕਰਨਾ ਹੋਵੇਗਾ, ਨਾ ਕਿ ਅਫਗਾਨਿਸਤਾਨ ਨੂੰ। ਇਹ ਬਿਆਨ ਖੁਦ ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਟੀ.ਟੀ.ਪੀ. ਨਾਲ ਪਾਕਿਸਤਾਨ ਨੂੰ ਖੁਦ ਹੀ ਨਜਿੱਠਣਾ ਹੋਵੇਗਾ। ਜਬੀਉੱਲਾਹ ਮੁਜਾਹਿਦ ਨੇ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਟੀ.ਟੀ.ਪੀ. ਜੇਕਰ ਅਫਗਾਨ ਤਾਲਿਬਾਨ ਨੂੰ ਆਪਣਾ ਨੇਤਾ ਮੰਨਦਾ ਹੈ ਤਾਂ ਉਸ ਨੂੰ ਸਾਡੀ ਗੱਲ ਮੰਨਣੀ ਹੋਵੇਗੀ।
ਤਾਲਿਬਾਨ ਵੱਲੋਂ ਆਇਆ ਇਹ ਬਿਆਨ ਪਾਕਿਸਤਾਨ ਦੇ ਮੂੰਹ 'ਤੇ ਇਕ ਕਰਾਰਾ ਥੱਪੜ ਵੀ ਹੈ। ਮੁਜਾਹਿਦ ਨੇ ਜੀਓ ਨਿਊਜ਼ ਨਾਲ ਹੋਈ ਗੱਲਬਾਤ ਦੌਰਾਨ ਟੀ.ਟੀ.ਪੀ. ਦੇ ਮੁੱਦੇ 'ਤੇ ਬਹੁਤ ਹੀ ਬੇਬਾਕੀ ਨਾਲ ਆਪਣਾ ਜਵਾਬ ਦਿੱਤਾ। ਮੁਜਾਹਿਦ ਦੇ ਜਵਾਬ ਨਾਲ ਇਹ ਸਾਫ ਹੋ ਗਿਆ ਹੈ ਕਿ ਤਾਲਿਬਾਨ ਪਾਕਿਸਤਾਨ ਦੀ ਕਠਪੁਤਲੀ ਬਣ ਕੇ ਰਹਿਣ ਵਾਲਾ ਨਹੀਂ ਹੈ। ਇਸ ਹੁਣ ਭਵਿੱਖ ਵਿਚ ਪਾਕਿਸਤਾਨ ਨੂੰ ਵੀ ਤਾਲਿਬਾਨ ਤੋਂ ਉਨਾ ਹੀ ਖਤਰਾ ਹੋ ਸਕਦਾ ਹੈ ਜਿੰਨਾ ਕਿ ਕਿਸੇ ਦੂਜੇ ਦੇਸ਼ ਨੂੰ।
ਪੜ੍ਹੋ ਇਹ ਅਹਿਮ ਖਬਰ -ਕੀ ਮਰਨ ਤੋਂ ਬਾਅਦ ਵੀ ਅਫਗਾਨਿਸਤਾਨ ਵਿਚ ਕਾਉਂਸਿਲ ਰਾਹੀਂ ਰਾਜ ਕਰੇਗਾ ਹੈਬਤੁੱਲਾਹ ਅਖੁੰਦਜਾਦਾ?
ਤਾਲਿਬਾਨ ਨੇ ਦੇਸ਼ 'ਤੇ ਕਬਜ਼ਾ ਕਰਨ ਮਗਰੋਂ ਅਫਗਾਨਿਸਤਾਨ ਦੀਆਂ ਜੇਲ੍ਹਾਂ ਤੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅੱਤਵਾਦੀ ਸਮੂਹ ਨਾਲ ਸੰਬੰਧਤ ਕਈ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ।ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੋਕ ਅਫਗਾਨਿਸਤਾਨ ਵਿੱਚ ਸਰਕਾਰ ਦੇ ਗਠਨ ਦੀ ਕਿੰਨੀ ਜਲਦੀ ਉਮੀਦ ਕਰ ਸਕਦੇ ਹਨ ਤਾਂ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਹ "ਕੁਝ ਦਿਨਾਂ ਦੇ ਅੰਦਰ" ਸਰਕਾਰ ਦੀ ਘੋਸ਼ਣਾ ਕਰਨ ਲਈ ਆਸਵੰਦ ਹਨ।ਬੁਲਾਰੇ ਨੇ ਕਿਹਾ,''ਸਰਕਾਰ ਦੇ ਸਾਰੇ ਪਹਿਲੂਆਂ 'ਤੇ ਵਿਚਾਰ -ਵਟਾਂਦਰਾ ਕੀਤਾ ਜਾ ਰਿਹਾ ਹੈ।''
ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਮੁਜਾਹਿਦ ਨੇ ਇਹ ਵੀ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਬਾਰੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਅਬਦੁੱਲਾ ਅਬਦੁੱਲਾ ਤੋਂ ਇਲਾਵਾ ਸਾਬਕਾ ਉਪ ਰਾਸ਼ਟਰਪਤੀ ਯੂਨਸ ਕਨੂੰਨੀ ਅਤੇ ਅਬਦੁਲ ਰਾਸ਼ਿਦ ਦੋਸਤਮ ਦੀ ਸਲਾਹ ਲਈ ਗਈ ਹੈ।ਉਨ੍ਹਾਂ ਨੇ ਕਿਹਾ,"ਅਸੀਂ ਕਾਬੁਲ ਵਿੱਚ ਮੌਜੂਦ ਸਾਰੇ ਨੇਤਾਵਾਂ ਨਾਲ ਸਲਾਹ ਕਰ ਰਹੇ ਹਾਂ। ਅਸੀਂ ਉਨ੍ਹਾਂ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਦੀਆਂ ਸਿਫਾਰਸ਼ਾਂ ਸਾਡੇ ਲਈ ਮਹੱਤਵਪੂਰਨ ਹਨ।" ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਮੁਜਾਹਿਦ ਨੇ ਕਿਹਾ,“ਅਸੀਂ ਗੱਲਬਾਤ ਰਾਹੀਂ ਮਾਮਲੇ ਸੁਲਝਾਉਣਾ ਚਾਹੁੰਦੇ ਹਾਂ।''