ਸ਼ਹਿਬਾਜ਼ ਸ਼ਰੀਫ ਦਾ ਦੋਸ਼, ਇਮਰਾਨ ਖਾਨ ਸਰਕਾਰ ਨੇ ਮਿੱਤਰ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜਿਆ
Thursday, Aug 10, 2023 - 03:32 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਆਪਣੇ 16 ਮਹੀਨਿਆਂ ਦੇ ਸ਼ਾਸਨ ਦੌਰਾਨ ਪਿਛਲੀ ਸਰਕਾਰ ਦੀ ਅਣਗਹਿਲੀ ਅਤੇ ਅਸਫਲਤਾਵਾਂ ਦਾ ਬੋਝ ਝੱਲਣਾ ਪਿਆ ਹੈ। ਉਨ੍ਹਾਂ ਇਮਰਾਨ ਖਾਨ ਦੀ ਪਿਛਲੀ ਸਰਕਾਰ 'ਤੇ ਮਿੱਤਰ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜਨ ਦਾ ਦੋਸ਼ ਲਾਇਆ। ਸ਼ਰੀਫ 13 ਪਾਰਟੀਆਂ ਦੀ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਸਨ ਅਤੇ ਬੁੱਧਵਾਰ ਨੂੰ ਸੰਸਦ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵਿਦਾਇਗੀ ਭਾਸ਼ਣ 'ਚ ਕਿਹਾ ਕਿ 16 ਮਹੀਨਿਆਂ ਦਾ ਕਾਰਜਕਾਲ 'ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਇਮਤਿਹਾਨ' ਰਿਹਾ।
ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਨੂੰ ਆਪਣੇ ਵਿਦਾਇਗੀ ਸੰਬੋਧਨ 'ਚ ਸ਼ਰੀਫ ਨੇ ਕਿਹਾ, ''ਮੈਨੂੰ ਆਪਣੇ 38 ਸਾਲ ਦੇ ਲੰਬੇ ਸਿਆਸੀ ਕਰੀਅਰ 'ਚ ਪਹਿਲਾਂ ਕਦੇ ਇੰਨੇ ਔਖੇ ਦੌਰ 'ਚੋਂ ਨਹੀਂ ਗੁਜ਼ਰਨਾ ਪਿਆ ਹੈ, ਕਿਉਂਕਿ ਦੇਸ਼ ਗੰਭੀਰ ਆਰਥਿਕ ਸੰਕਟ 'ਚ ਫਸਿਆ ਸੀ, ਤੇਲ ਦੀਆਂ ਕੀਮਤਾਂ ਉੱਚਾਈ 'ਤੇ ਸਨ ਅਤੇ ਰਾਜਸੀ ਅਰਾਜਕਤਾ ਦੀ ਸਥਿਤੀ ਸੀ।' ਉਨ੍ਹਾਂ ਨੇ ਖਾਨ ਦੀ ਅਗਵਾਈ ਵਾਲੀ ਪਿਛਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ 16 ਮਹੀਨਿਆਂ ਦੇ ਸ਼ਾਸਨ ਦੌਰਾਨ ਉਸ ਦੀ ਅਣਗਹਿਲੀ ਅਤੇ ਅਸਫਲਤਾਵਾਂ ਦਾ ਬੋਝ ਝੱਲਣਾ ਪਿਆ ਹੈ।
ਪਿਛਲੇ ਸਾਲ ਅਪ੍ਰੈਲ 'ਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਨੂੰ ਬੇਭਰੋਸਗੀ ਵੋਟ ਰਾਹੀਂ ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸ਼ਰੀਫ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇ। ਸ਼ਰੀਫ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਿੱਤਰ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਬੁਰੀ ਤਰ੍ਹਾਂ ਵਿਗਾੜਿਆ। ਉਨ੍ਹਾਂ ਨੇ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ 'ਤੇ ਵੱਡੇ ਕਰਜ਼ੇ ਲੈਣ ਅਤੇ "ਦੁਨੀਆਂ ਅੱਗੇ ਝੁਕਣ" ਦਾ ਦੋਸ਼ ਵੀ ਲਗਾਇਆ। ਅੱਤਵਾਦ ਦੇ ਵਧਣ 'ਤੇ ਸ਼ਰੀਫ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ (ਅੱਤਵਾਦੀਆਂ) ਨੂੰ ਪਾਕਿਸਤਾਨ ਆ ਕੇ ਵਸਣ ਦਾ ਸੱਦਾ ਦਿੱਤਾ। ਇਹ ਕਦਮ ਉਲਟਾ ਪੈ ਗਿਆ ਕਿਉਂਕਿ ਅੱਤਵਾਦ ਮੁੜ ਉੱਭਰਿਆ ਹੈ ਅਤੇ ਸਵਾਤ ਅਤੇ ਉਸ ਤੋਂ ਬਾਹਰ ਤਬਾਹੀ ਮਚਾ ਰਿਹਾ ਹੈ। ਸ਼ਰੀਫ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਲੈ ਕੇ ਕੋਈ ਅੜਿੱਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅੰਤਰਿਮ ਪ੍ਰਧਾਨ ਮੰਤਰੀ ਬਾਰੇ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨਾਲ ਗੱਲਬਾਤ ਕਰਨਗੇ।