ਇਮਰਾਨ ਨੂੰ ਲੱਗੀ ਵੁਹਾਨ ''ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੀ ਚਿੰਤਾ, ਜਾਰੀ ਕੀਤੇ ਹੁਕਮ

02/13/2020 2:29:13 PM

ਇਸਲਾਮਾਬਾਦ- ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਚੀਨ ਦੇ ਵੁਹਾਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੀ ਸਹਾਇਤਾ ਲਈ ਉਹ ਹਰ ਮੁਮਕਿਨ ਕਦਮ ਚੁੱਕਣ। ਘਾਤਕ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਵੁਹਾਨ ਤੋਂ ਸਾਹਮਣੇ ਆਇਆ ਸੀ। ਇਹ ਇਸ ਵਾਇਰਸ ਦਾ ਕੇਂਦਰ ਬਣ ਚੁੱਕਿਆ ਹੈ ਤੇ ਇਥੇ ਫਸੇ ਪਾਕਿਸਤਾਨੀ ਵਿਦਿਆਰਥੀਆਂ ਦੇ ਲਈ ਕਦਮ ਚੁੱਕਣ ਦਾ ਸਰਕਾਰ 'ਤੇ ਦਬਾਅ ਵਧ ਰਿਹਾ ਹੈ।

ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਸਰਕਾਰ ਕਹਿ ਚੁੱਕੀ ਹੈ ਕਿ ਵੁਹਾਨ ਤੋਂ ਉਹ ਆਪਣੇ ਨਾਗਰਿਕਾਂ ਨੂੰ ਨਹੀਂ ਕੱਢੇਗੀ। ਇਸ ਦੇ ਲਈ ਉਸ ਦਾ ਤਰਕ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 50 ਹਜ਼ਾਰ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ।

ਪ੍ਰਧਾਨ ਮੰਤਰੀ ਖਾਨ ਨੇ ਬੁੱਧਵਾਰ ਰਾਤ ਟਵੀਟ ਕੀਤਾ ਕਿ ਮੈਂ ਵਿਦੇਸ਼ ਮੰਤਰਾਲਾ ਤੇ ਇਮੀਗ੍ਰੇਸ਼ਨ ਨਾਲ ਸਬੰਧਿਤ ਮੰਤਰਾਲਾ ਨੂੰ ਨਿਰਦੇਸ਼ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਵੁਹਾਨ ਸ਼ਹਿਰ ਵਿਚ ਫਸੇ ਸਾਡੇ ਵਿਦਿਆਰਥੀਆਂ ਦੀ ਮਦਦ ਲਈ ਹਰ ਮੁਮਕਿਨ ਕਦਮ ਚੁੱਕਿਆ ਜਾਵੇ। ਖਾਨ ਨੇ ਚੀਨ ਦੇ ਪ੍ਰਤੀ ਸਮਰਥਨ ਜਤਾਇਆ ਤੇ ਇਸ ਖਤਰਨਾਕ ਵਾਇਰਸ ਨਾਲ ਨਿਪਟਣ ਲਈ ਹਰ ਮੁਮਕਿਨ ਸਹਾਇਤਾ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਟਵੀਟ ਕੀਤਾ ਕਿ ਪਾਕਿਸਤਾਨ ਇਸ ਮੁਸ਼ਕਿਲ ਵੇਲੇ ਵਿਚ ਚੀਨ ਦੇ ਲੋਕਾਂ ਤੇ ਉਥੋਂ ਦੀ ਸਰਕਾਰ ਦੇ ਨਾਲ ਖੜ੍ਹਾ ਹੈ। ਜਿਸ ਤਰ੍ਹਾਂ ਹਰ ਮੁਸ਼ਕਿਲ ਹਾਲਾਤ ਵਿਚ ਚੀਨ ਸਾਡੇ ਨਾਲ ਰਿਹਾ ਹੈ, ਉਸੇ ਤਰ੍ਹਾਂ ਅਸੀਂ ਵੀ ਚੀਨ ਦੇ ਨਾਲ ਹਾਂ। ਅਸੀਂ ਚੀਨ ਨੂੰ ਹਰ ਮੁਮਕਿਨ ਸਹਾਇਤਾ ਦੇਵਾਂਗੇ। ਵਿਦੇਸ਼ ਮੰਤਰਾਲਾ ਨੇ ਮੁਤਾਬਕ 28 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਚੀਨ ਵਿਚ ਪੜ੍ਹ ਰਹੇ ਹਨ, ਜਿਹਨਾਂ ਵਿਚੋਂ 500 ਵੁਹਾਨ ਵਿਚ ਹਨ। ਵਿਦਿਆਰਥੀ ਸ਼ੋਸ਼ਲ ਮੀਡੀਆ ਦੇ ਰਾਹੀਂ ਲਗਾਤਾਰ ਪਾਕਿਸਤਾਨੀ ਸਰਕਾਰ ਨੂੰ ਵਾਪਸ ਪਰਤਣ ਵਿਚ ਮਦਦ ਦੀ ਅਪੀਲ ਕਰ ਰਹੇ ਹਨ। ਡਾਨ ਨੇ ਦੱਸਿਆ ਕਿ ਚੀਨੀ ਮੈਡੀਕਲ ਯੂਨੀਵਰਸਿਟੀ ਦੇ ਪਾਕਿਸਤਾਨੀ ਵਿਦਿਆਰਥੀ ਇਸ ਗੱਲ ਨਾਲ ਪਰੇਸ਼ਾਨ ਹਨ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੀ ਯੂਨੀਵਰਸਿਟੀ ਦੇ ਨੇੜੇ ਸਥਿਤ ਇਮਾਰਤ ਵਿਚ ਰੱਖਿਆ ਗਿਆ ਹੈ।

ਰਿਪੋਰਟ ਮੁਤਾਬਕ ਇਸਲਾਮਾਬਾਦ ਨੇ ਚੀਨ ਦੇ ਅਧਿਕਾਰੀਆਂ ਨੂੰ ਮਰੀਜ਼ਾ ਨੂੰ ਕਿਤੇ ਹੋਰ ਰੱਖਣ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਮੁੱਦੇ 'ਤੇ ਬੁੱਧਵਾਰ ਨੂੰ ਰਾਸ਼ਟਰੀ ਸਿਹਤ ਸੇਵਾ ਦੀ ਸੈਨੇਟ ਸਥਾਈ ਕਮੇਟੀ ਵਿਚ ਬਹਿਸ ਵੀ ਛਿੜੀ। ਸਿਹਤ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਜ਼ਫਰ ਮਿਰਜ਼ਾ ਨੇ ਕਿਹਾ ਕਿ ਉਹਨਾਂ ਨੇ ਤੇ ਕੁਝ ਹੋਰ ਅਧਿਕਾਰੀਆਂ ਨੇ ਵੀਡੀਓ ਲਿੰਕ ਦੇ ਰਾਹੀਂ ਪਾਕਿਸਤਾਨੀ ਵਿਦਿਆਰਥੀਆਂ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਪਰੇਸ਼ਾਨ ਹਨ, ਡਰੇ ਹੋਏ ਹਨ ਪਰ ਇਸ ਦੇ ਨਾਲ ਹੀ ਕਈ ਵਿਦਿਆਰਥੀ ਬੇਹੱਦ ਖੁਸ਼ ਹਨ ਤੇ ਉਹ ਵਾਪਸ ਨਹੀਂ ਪਰਤਣਾ ਚਾਹੁੰਦੇ। ਮਿਰਜ਼ਾ ਨੇ ਕਿਹਾ ਕਿ ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਕੋਈ ਮਾਮਲਾ ਨਹੀਂ ਹੈ। 


Baljit Singh

Content Editor

Related News