ਪਾਕਿ ਨੂੰ ਹੁਣ ADB ਦਾ ਸਹਾਰਾ, ਇਮਰਾਨ ਸਰਕਾਰ ਨੂੰ ਦੇਵੇਗਾ 10 ਬਿਲੀਅਨ ਡਾਲਰ ਦਾ ਕਰਜ਼

01/28/2021 5:59:00 PM

ਇਸਲਾਮਾਬਾਦ (ਬਿਊਰੋ): ਮੌਜੂਦਾ ਸਮੇਂ ਵਿਚ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨੇ ਵੀ ਅਰਥਵਿਵਸਥਾ ਨੂੰ ਤੋੜ ਕੇ ਰੱਖ ਦਿੱਤਾ ਹੈ। ਹੁਣ ਏਸ਼ੀਆਈ ਵਿਕਾਸ ਬੈਂਕ (ADB) ਪਾਕਿਸਤਾਨ ਨੂੰ ਅਗਲੇ ਪੰਜ ਸਾਲਾਂ ਵਿਚ 73 ਹਜ਼ਾਰ ਕਰੋੜ ਰੁਪਏ (10 ਬਿਲੀਅਨ ਡਾਲਰ) ਦਾ ਕਰਜ਼ ਦੇਵੇਗਾ। ਏਸ਼ੀਆਈ ਵਿਕਾਸ ਬੈਂਕ ਦਾ ਹੈੱਡਕੁਆਰਟਰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਸਥਿਤ ਹੈ, ਜੋ ਆਪਣੇ ਮਹਾਦੀਪ ਦੇ ਦੇਸ਼ਾਂ ਨੂੰ ਕਰਜ਼ ਮੁਹੱਈਆ ਕਰਾਉਂਦਾ ਹੈ।

ਪਾਕਿ ਨੂੰ ਵੱਡੀ ਰਾਹਤ
ਏ.ਡੀ.ਬੀ. ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਕਰਜ਼ ਪਾਕਿਸਤਾਨ ਵਿਚ ਆਰਥਿਕ ਸਥਿਰਤਾ ਨੂੰ ਬਹਾਲ ਕਰਨ ਵਿਚ ਮਦਦ ਕਰੇਗਾ। ਇਸ ਰਾਸ਼ੀ ਨਾਲ ਪਾਕਿਸਤਾਨ ਵਿਚ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਨਵੇਂ ਮੌਕੇ ਪੈਦਾ ਹੋਣ ਦੇ ਨਾਲ ਲੋਕਾਂ ਦੀ ਭਲਾਈ ਲਈ ਕਰਜ਼ ਯੋਜਨਾਵਾਂ ਨੂੰ ਚਲਾਇਆ ਜਾਵੇਗਾ। ਪਾਕਿਸਤਾਨ ਨੂੰ ਕਰਜ਼ ਦੀ ਇਹ ਰਾਸ਼ੀ ਸਾਲ 2021 ਤੋਂ 2025 ਦੇ ਵਿਚਕਾਰ ਦਿੱਤੀ ਜਾਵੇਗੀ। ਇਸ ਵਿਚੋਂ 6.3 ਬਿਲੀਅਨ ਡਾਲਰ ਦੀ ਰਾਸ਼ੀ ਨੂੰ ਅਗਲੇ ਤਿੰਨ ਸਾਲ ਵਿਚ ਪਾਕਿਸਤਾਨ ਨੂੰ ਦੇਣ ਦੀ ਯੋਜਨਾ ਹੈ।

ਆਰਥਿਕ ਮੰਤਰਾਲੇ ਨੇ ਕਹੀ ਇਹ ਗੱਲ
ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਿੱਤੀ ਸਾਲ 2020-21 ਦੇ ਜੁਲਾਈ-ਦਸੰਬਰ ਦੌਰਾਨ ਇਮਰਾਨ ਖਾਨ ਸਰਕਾਰ ਨੂੰ ਕਈ ਵਿੱਤਪੋਸ਼ਣ ਸਰੋਤਾਂ ਤੋਂ ਬਾਹਰੀ ਕਰਜ਼ ਦੇ ਰੂਪ ਵਿਚ 5.7 ਬਿਲੀਅਨ ਡਾਲਰ ਦੀ ਰਾਸ਼ੀ ਮਿਲੀ ਹੈ। ਦਸੰਬਰ ਵਿਚ ਪਾਕਿਸਤਾਨ ਸਰਕਾਰ ਨੇ ਵਿਦੇਸ਼ਾਂ ਤੋਂ 1.2 ਬਿਲੀਅਨ ਡਾਲਰ ਹਾਸਲ ਕੀਤੇ, ਜਿਸ ਵਿਚੋਂ ਕਾਰੋਬਾਰੀ ਬੈਂਕਾਂ ਤੋਂ ਮਹਿੰਗੇ ਵਿਆਜ਼ 'ਤੇ ਲਈ ਗਈ 434 ਮਿਲੀਅਨ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਡਾਕਟਰ ਨੇ ਇਕ ਡਾਕਟਰ ਬੀਬੀ ਨੂੰ ਗੋਲੀ ਮਾਰਨ ਮਗਰੋਂ ਕੀਤੀ ਖੁਦਕੁਸ਼ੀ

ਇਮਰਾਨ ਖਾਨ ਸਰਕਾਰ ਦੇ ਮਾੜੇ ਆਰਥਿਕ ਸੁਧਾਰਾਂ ਦੇ ਕਾਰਨ ਸਾਲ 2020 ਦੇ ਅਖੀਰ ਤੱਕ ਪਾਕਿਸਤਾਨ ਦਾ ਕੁੱਲ ਕਰਜ਼ 11.5 ਫੀਸਦੀ ਸਾਲਾਨਾ ਦੀ ਦਰ ਨਾਲ ਵੱਧ ਕੇ 35.8 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਹੈ। ਇਸ ਮਗਰੋਂ ਖੁਦ ਦੀਆਂ ਗਲਤੀਆਂ ਨੂੰ ਪਿਛਲੀਆਂ ਸਰਕਾਰਾਂ 'ਤੇ ਪਾਉਂਦੇ ਹੋਏ ਪਾਕਿਸਤਾਨੀ ਵਿੱਤ ਮੰਤਰਾਲੇ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦੇ ਕਾਰਨ ਦੇਸ਼ ਨੂੰ ਉੱਚ ਮੁਦਰਾ ਦਰ ਅਤੇ ਬਹੁਤ ਜ਼ਿਆਦਾ ਉਧਾਰ ਲੈਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੋਟ- ਪਾਕਿ ਸਰਕਾਰ ਨੂੰ ADB ਦੇਵੇਗਾ 10 ਬਿਲੀਅਨ ਡਾਲਰ ਦਾ ਕਰਜ਼, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News