ਮੋਦੀ ਦੇ ਧਾਰਾ 370 ਦੇ ਫੈਸਲੇ ਨੂੰ ਇਮਰਾਨ ਨੇ ਦੱਸਿਆ ਗਲਤੀ, ਪ੍ਰਮਾਣੂੰ ਹਮਲੇ ਦੀ ਦਿੱਤੀ ਧਮਕੀ

Monday, Aug 26, 2019 - 07:48 PM (IST)

ਮੋਦੀ ਦੇ ਧਾਰਾ 370 ਦੇ ਫੈਸਲੇ ਨੂੰ ਇਮਰਾਨ ਨੇ ਦੱਸਿਆ ਗਲਤੀ, ਪ੍ਰਮਾਣੂੰ ਹਮਲੇ ਦੀ ਦਿੱਤੀ ਧਮਕੀ

ਇਸਲਾਮਾਬਾਦ (ਏਜੰਸੀ)- ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਭਾਰਤ ਨੂੰ ਪ੍ਰਮਾਣੂੰ ਹਮਲੇ ਦੀ ਗਿੱਦੜ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਪ੍ਰਮਾਣੂੰ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹਨ ਅਤੇ ਜੇਕਰ ਜੰਗ ਹੁੰਦੀ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ 'ਤੇ ਹੋਵੇਗਾ।

ਇਸ ਤੋਂ ਇਲਾਵਾ ਇਮਰਾਨ ਖਾਨ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਨਰਿੰਦਰ ਮੋਦੀ ਦੀ ਬਹੁਤ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ 'ਤੇ ਪਾਕਿ ਫੌਜ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਜੰਮੂ-ਕਸ਼ਮੀਰ ਮਾਮਲੇ 'ਤੇ ਟਰੰਪ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਕਿਹਾ ਕਿ ਇਹ ਭਾਰਤ ਅਤੇ ਪਾਕਿ ਦਾ ਆਪਸੀ ਮਸਲਾ ਹੈ ਅਤੇ ਇਸ ਵਿਚ ਕਿਸੇ ਹੋਰ ਦੇਸ਼ ਨੂੰ ਅਸੀਂ ਦਖਲ ਨਹੀਂ ਦੇਣ ਦਿਆਂਗੇ। ਭਾਰਤ ਅਤੇ ਪਾਕਿਸਤਾਨ ਇਸ ਨੂੰ ਖੁਦ ਹੀ ਸੁਲਝਾ ਲੈਣਗੇ।


author

Sunny Mehra

Content Editor

Related News