ਇਮਰਾਨ ਨੂੰ ਪਾਕਿਸਤਾਨ ਦੇ ਵੱਡੇ ਵਪਾਰੀ ਦੀ ਭਾਰਤ ਨਾਲ ਸੰਬੰਧ ਸੁਧਾਰਨ ਦੀ ਸਲਾਹ

Sunday, Feb 06, 2022 - 01:23 PM (IST)

ਇਮਰਾਨ ਨੂੰ ਪਾਕਿਸਤਾਨ ਦੇ ਵੱਡੇ ਵਪਾਰੀ ਦੀ ਭਾਰਤ ਨਾਲ ਸੰਬੰਧ ਸੁਧਾਰਨ ਦੀ ਸਲਾਹ

ਜਲੰਧਰ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਸਮੇਂ ਇਮਰਾਨ ਖਾਨ ਨੇ ‘ਨਵਾਂ ਪਾਕਿਸਤਾਨ’ ਬਣਾਉਣ ਅਤੇ ਪੰਜ ਸਾਲਾਂ ’ਚ ਦੇਸ਼ ਦੀ ਹਾਲਤ ’ਚ ਸੁਧਾਰ ਲਿਆਉਣ ਆਦਿ ਦੀਆਂ ਜੋ ਗੱਲਾਂ ਕਹੀਆਂ ਸਨ, ਪਾਕਿਸਤਾਨ ’ਚ ਉਹੋ ਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। ਪਾਕਿਸਤਾਨ ਦੀ ਜਨਤਾ ਮਹਿੰਗਾਈ ਦੀ ਮਾਰ ਤੋਂ ਦੁਖੀ ਹੈ, ਬੇਰੋਜ਼ਗਾਰੀ ਸਿਖਰ ’ਤੇ ਹੈ ਅਤੇ ਉਸ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਲੜਖੜਾ ਗਈ ਹੈ।

ਆਪਣੇ ਇਸੇ ਸੰਕਟ ਨਾਲ ਨਜਿੱਠਣ ਲਈ ਜਿੱਥੇ ਇਮਰਾਨ ਖਾਨ ਦੇਸ਼ ’ਤੇ ਚੜ੍ਹੇ ਕਰਜ਼ੇ ਦਾ ਵਿਆਜ ਤੱਕ ਮੋੜਨ ਦੇ ਲਈ ਪੈਸੇ ਇਕੱਠੇ ਕਰਨ ਲਈ ਵਿਦੇਸ਼ ਯਾਤਰਾਵਾਂ ਕਰ ਰਹੇ ਹਨ, ਓਧਰ ਭਾਰਤ ਨਾਲ ਵਪਾਰ ਬੰਦ ਹੋਣ ਦੇ ਕਾਰਨ ਵੀ ਉੱਥੇ ਮਹਿੰਗਾਈ ਵਧੀ ਹੈ।

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਪਾਕਿਸਤਾਨ ਦੇ ਸਭ ਤੋਂ ਅਮੀਰ ਕਾਰੋਬਾਰੀ ‘ਮੀਆਂ ਮੁਹੰਮਦ ਮੰਸ਼ਾ’ ਨੇ ਇਮਰਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਸੁਧਾਰਨ ਦਾ ਸੁਝਾਅ ਦਿੱਤਾ ਹੈ।

ਬੀਤੀ 2 ਫਰਵਰੀ ਨੂੰ ਲਾਹੌਰ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ :

‘‘ਦੁਨੀਆ ’ਚ ਸਥਾਈ ਦੁਸ਼ਮਣੀ ਕਦੀ ਨਹੀਂ ਹੁੰਦੀ। ਦੁਨੀਆ ਨੇ 2 ਸਭ ਤੋਂ ਵੱਡੀਆਂ ਜੰਗਾਂ ਲੜੀਆਂ ਅਤੇ ਆਖਿਰਕਾਰ ਰਸਤੇ ’ਤੇ ਆ ਗਈ। ਸਾਨੂੰ ਭਾਰਤ ਦੇ ਨਾਲ ਸੰਬੰਧਾਂ ਨੂੰ ਸੁਧਾਰ ਕੇ ਵਪਾਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ।’’

‘‘ਪਾਕਿਸਤਾਨ ਅਤੇ ਭਾਰਤ ਨੂੰ ਗਰੀਬੀ ਨਾਲ ਮੁਕਾਬਲਾ ਕਰਨ ਲਈ ਅੱਗੇ ਵਧਣਾ ਹੀ ਹੋਵੇਗਾ।’’ ‘ਮੀਆਂ ਮੁਹੰਮਦ ਮੰਸ਼ਾ’ ਨੇ ਚਿਤਾਵਨੀ ਦਿੱਤੀ ਹੈ ਕਿ ‘‘ਭ੍ਰਿਸ਼ਟਾਚਾਰ ਦੇ ਭੈੜੇ ਚੱਕਰ ਤੋਂ ਮੁਕਤੀ ਪਾ ਕੇ ਹੀ ਦੇਸ਼ ਬਚਾਇਆ ਜਾ ਸਕਦਾ ਹੈ। ਜੇਕਰ ਅਰਥਵਿਵਸਥਾ ਨਹੀਂ ਸੁਧਰੀ ਤਾਂ ਅੱਲ੍ਹਾ ਦੇ ਫਜ਼ਲ (ਕਿਰਪਾ) ਨਾਲ ਪਾਕਿਸਤਾਨ ’ਚ ਇਕ ਹੋਰ ਬੰਗਲਾਦੇਸ਼ ਬਣ ਜਾਵੇਗਾ।’’

‘ਮੀਆਂ ਮੁਹੰਮਦ ਮੰਸ਼ਾ’ ਦਾ ਉਕਤ ਸੁਝਾਅ ਅਤੇ ਚਿਤਾਵਨੀ ਬਿਲਕੁਲ ਸਹੀ ਹਨ। ਅੱਜ ਪਾਕਿਸਤਾਨ ਵੱਖ-ਵੱਖ ਸਮੱਸਿਆਵਾਂ ਦੀ ਲਪੇਟ ’ਚ ਹੈ ਜਿਸ ਨੂੰ ਦੇਖਦੇ ਹੋਏ ਦੇਸ਼ ਦੇ ਕਈ ਹਿੱਸਿਆਂ ’ਚ ਆਜ਼ਾਦੀ ਦੀ ਮੰਗ ਉੱਠ ਰਹੀ ਹੈ। ਲਿਹਾਜ਼ਾ ਇਨ੍ਹਾਂ ਦੀ ਚਿਤਾਵਨੀ ’ਤੇ ਧਿਆਨ ਦੇਣ ਨਾਲ ਇਮਰਾਨ ਸਰਕਾਰ ਨੂੰ ਯਕੀਨੀ ਤੌਰ ’ਤੇ ਆਪਣੀਆਂ ਘਰੇਲੂ ਸਮੱਸਿਆਵਾਂ ਤੋਂ ਉੱਭਰਨ ’ਚ ਮਦਦ ਮਿਲੇਗੀ।

ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧ ਆਮ ਵਰਗੇ ਹੋਣ ਅਤੇ ਵਪਾਰ ਬਹਾਲ ਹੋਣ ਨਾਲ ਜਿੱਥੇ ਦੋਵਾਂ ਦੇਸ਼ਾਂ ਦੀਆਂ ਸਸਤੀਆਂ ਵਸਤੂਆਂ ਇਕ-ਦੂਸਰੇ ਦੇਸ਼ ’ਚ ਆ ਕੇ ਵਿਕਣ ਨਾਲ ਦੋਵਾਂ ਹੀ ਦੇਸ਼ਾਂ ਦੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ, ਉਥੇ ਹੀ ਦੋਵਾਂ ਦੇਸ਼ਾਂ ਦੇ ਲੋਕਾਂ ਵੱਲੋਂ ਇਕ-ਦੂਸਰੇ ਦੇਸ਼ ਦੀ ਯਾਤਰਾ ਨਾਲ ਆਪਸੀ ਮੇਲਜੋਲ ਵੀ ਵਧੇਗਾ, ਰਿਸ਼ਤੇ ਮਜ਼ਬੂਤ ਹੋਣਗੇ ਅਤੇ ਖੁਸ਼ਹਾਲੀ ਆਵੇਗੀ।

-ਵਿਜੇ ਕੁਮਾਰ


author

Harinder Kaur

Content Editor

Related News