ਅਹਿਮ ਖਬਰ : ਭਾਰਤ ਤੋਂ UAE ਜਾਣ ਵਾਲਿਆਂ ਦੀ ਉਡੀਕ ਹੋਰ ਵਧੀ, ਫਲਾਈਟਾਂ ’ਤੇ 2 ਅਗਸਤ ਤਕ ਲੱਗੀ ਪਾਬੰਦੀ

Tuesday, Jul 27, 2021 - 02:39 AM (IST)

ਇੰਟਰਨੈਸ਼ਨਲ ਡੈਸਕ : ਸਭ ਤੋਂ ਪਹਿਲਾਂ ਭਾਰਤ ’ਚ ਪਾਏ ਜਾਣ ਵਾਲੇ ਕੋਰੋਨਾ ਦੇ ਖਤਰਨਾਕ ਡੈਲਟਾ ਵੇਰੀਐਂਟ ਨੂੰ ਲੈ ਕੇ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਤੋਂ ਯਾਤਰਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਸਨ। ਇਨ੍ਹਾਂ ਦੇਸ਼ਾਂ ’ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵੀ ਸ਼ਾਮਲ ਹੈ, ਜਿਸ ਨੇ ਭਾਰਤ ਤੋਂ ਯਾਤਰਾ ਪਾਬੰਦੀ ਨੂੰ ਹੋਰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਯੂ. ਏ. ਈ. ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਪੈਸੰਜਰ ਫਲਾਈਟਾਂ ’ਤੇ 2 ਅਗਸਤ ਤਕ ਪਾਬੰਦੀ ਜਾਰੀ ਰਹੇਗੀ।

ਇਹ ਵੀ ਪੜ੍ਹੋ : ਅਮਰੀਕਾ-ਚੀਨ ਵਿਚਾਲੇ ਗੱਲਬਾਤ ਸ਼ੁਰੂ, Dragon ਨੇ ਕਿਹਾ-ਗੁੰਮਰਾਹਕੁੰਨ ਸੋਚ ਤੇ ਖਤਰਨਾਕ ਨੀਤੀ ਬਦਲੇ ਅਮਰੀਕਾ

ਦੱਸਿਆ ਜਾ ਰਿਹਾ ਹੈ ਕਿ ਫਲਾਈਟਾਂ ’ਤੇ ਲਾਈ ਗਈ ਇਸ ਪਾਬੰਦੀ ਨੂੰ ਇਕ ਵਾਰ ਫਿਰ ਰੀਵਿਊ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਕਿ 2 ਅਗਸਤ ਤੋਂ ਬਾਅਦ ਵੀ ਇਸ ਨੂੰ ਵਧਾਇਆ ਜਾਵੇ। ਨਿਊਜ਼ ਏਜੰਸੀ ਏ. ਐੱਨ. ਆਈ. ਨੇ ਏਤਿਹਾਦ ਏਅਰਵੇਜ਼ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਨੂੰ ਵੀ ਇਸ ਗੱਲ ਦੀ ਸੂਚਨਾ ਦੇ ਦਿੱਤੀ ਗਈ ਹੈ ਕਿ ਯੂ. ਏ. ਈ. ਲਈ 2 ਅਗਸਤ ਤਕ ਫਲਾਈਟਾਂ ਦੀ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂ. ਏ. ਈ. ਦੀਆਂ ਅਥਾਰਿਟੀਜ਼ ’ਤੇ ਇਹ ਨਿਰਭਰ ਕਰਦਾ ਹੈ ਕਿ ਉਹ ਇਸ ਪਾਬੰਦੀ ਨੂੰ ਅੱਗੇ ਵਧਾਉਣਗੇ ਜਾਂ ਫਿਰ ਨਹੀਂ।

ਹਾਲਾਂਕਿ ਭਾਰਤ ਦੇ ਵੱਡੇ ਸ਼ਹਿਰਾਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ। ਵੈਕਸੀਨੇਸ਼ਨ ਵੀ ਜਾਰੀ ਹੈ, ਜੇ ਸਭ ਕੁਝ ਠੀਕ ਰਹਿੰਦਾ ਹੈ, ਜੋ ਆਉਣ ਵਾਲੇ ਦਿਨਾਂ ’ਚ ਭਾਰਤੀ ਫਲਾਈਟਾਂ ’ਤੇ ਲੱਗੀ ਪਾਬੰਦੀ ਹਟ ਸਕਦੀ ਹੈ ਤੇ ਇਕ ਵਾਰ ਫਿਰ ਇਨ੍ਹਾਂ ਦੇਸ਼ਾਂ ਦੇ ਲਈ ਉਡਾਣ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਭਾਰਤ ਵੱਲੋਂ ਯੂ. ਕੇ. ਨੂੰ ਕਿਹਾ ਗਿਆ ਸੀ ਕਿ ਉਹ ਯਾਤਰਾ ਪਾਬੰਦੀ ਨੂੰ ਲੈ ਕੇ ਇਕ ਵਾਰ ਫਿਰ ਰੀਵਿਊ ਕਰਨ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਆਪਣੇ ਯੂ. ਕੇ. ਦੌਰੇ ’ਤੇ ਕਿਹਾ ਸੀ ਕਿ ਮੁੰਬਈ, ਦਿੱਲੀ, ਵੱਡੇ ਸ਼ਹਿਰ ਵਿਵਹਾਰਿਕ ਤੌਰ ’ਤੇ ਕੋਰੋਨਾ ਤੋਂ ਮੁਕਤ ਹਨ ਪਰ ਅਸੀਂ ਉਸ ਸਥਿਤੀ ’ਚ ਢਿੱਲ ਨਹੀਂ ਦੇ ਸਕਦੇ ਕਿਉਂਕਿ ਅਸੀਂ ਲਗਾਤਾਰ ਸਾਵਧਾਨ ਹਾਂ, ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਹਿ ਰਹੇ ਹਾਂ ਤਾਂ ਕਿ ਸਾਡੇ ਸਾਹਮਣੇ ਤੀਸਰੀ ਲਹਿਰ ਨਾ ਹੋਵੇ।

ਇਹ ਵੀ ਪੜ੍ਹੋ : ਲੰਡਨ ’ਚ ਤੇਜ਼ ਮੀਂਹ ਕਾਰਨ ਬਣੇ ਹੜ੍ਹ ਦੇ ਹਾਲਾਤ, ਹਸਪਤਾਲ ਸੇਵਾਵਾਂ ਹੋਈਆਂ ਪ੍ਰਭਾਵਿਤ


Manoj

Content Editor

Related News