ਤੁਰਕੀ-ਸੀਰੀਆ ''ਚ ਭੂਚਾਲ ਤੋਂ ਬਾਅਦ 17 ਫਰਵਰੀ ਦੇ ਮਹੱਤਵਪੂਰਨ ਘਟਨਾਕ੍ਰਮ
Saturday, Feb 18, 2023 - 12:27 AM (IST)
ਕਹਰਾਮਨਮਾਰਸ/ਤੁਰਕੀ (ਏ.ਪੀ.) : 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ 'ਚ ਆਏ ਵੱਡੇ ਭੂਚਾਲ ਤੋਂ ਬਾਅਦ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ 'ਚੋਂ ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਨੂੰ ਕੱਢਿਆ ਹੈ। ਦਿਨ ਬੀਤਣ ਦੇ ਨਾਲ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਸੰਭਾਵਨਾ ਵੀ ਘਟਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਵਾਟਰਫਾਲ ਤੋਂ ਪਾਣੀ ਦੀ ਬਜਾਏ ਡਿੱਗਦੀਆਂ ਹਨ ‘ਅੱਗ ਦੀਆਂ ਲਪਟਾਂ’
ਭੂਚਾਲ ਤੋਂ ਬਾਅਦ ਸ਼ੁੱਕਰਵਾਰ ਦੇ ਮਹੱਤਵਪੂਰਨ ਘਟਨਾਕ੍ਰਮ 'ਤੇ ਇਕ ਨਜ਼ਰ
ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਤੁਰਕੀ ਵਿੱਚ ਮਰਨ ਵਾਲਿਆਂ ਦੀ ਗਿਣਤੀ 38,044 ਹੋ ਗਈ ਹੈ। ਇਸ ਦੇ ਨਾਲ ਤੁਰਕੀ ਅਤੇ ਸੀਰੀਆ ਦੋਵਾਂ 'ਚ ਹੁਣ ਤੱਕ ਕੁਲ 41,732 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਮਲਬੇ 'ਚੋਂ ਹੋਰ ਲਾਸ਼ਾਂ ਕੱਢੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਤੁਰਕੀ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਦੇ 10 ਦਿਨਾਂ ਤੋਂ ਵੱਧ ਸਮੇਂ ਬਾਅਦ ਬਚਾਅ ਦਲ ਨੇ ਰਾਤ ਭਰ ਚਲਾਈ ਜਾ ਰਹੀ ਮੁਹਿੰਮ ਵਿੱਚ ਮਲਬੇ 'ਚੋਂ ਇਕ ਬੱਚੇ, ਇਕ ਔਰਤ ਅਤੇ 2 ਆਦਮੀਆਂ ਨੂੰ ਜ਼ਿੰਦਾ ਕੱਢ ਲਿਆ। ਵੱਖ-ਵੱਖ ਏਜੰਸੀਆਂ ਨੇ ਭੂਚਾਲ ਨਾਲ ਤਬਾਹ ਹੋਏ ਸ਼ਹਿਰਾਂ ਵਿੱਚ ਮਲਬਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਨਸ਼ਟ ਕੀਤੀਆਂ 3 ਸ਼ੱਕੀ ਵਸਤੂਆਂ ਦੇ ਚੀਨੀ ਜਾਸੂਸੀ ਗੁਬਾਰਾ ਪ੍ਰੋਗਰਾਮ ਨਾਲ ਸਬੰਧ ਦਾ ਕੋਈ ਸੰਕੇਤ ਨਹੀਂ : ਬਾਈਡੇਨ
ਸੀਰੀਆ ਨੂੰ ਸੰਯੁਕਤ ਰਾਸ਼ਟਰ ਦੀ ਸਹਾਇਤਾ
ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ 9 ਫਰਵਰੀ ਤੋਂ ਉੱਤਰ-ਪੱਛਮੀ ਸੀਰੀਆ 'ਚ ਤੁਰਕੀ ਤੋਂ ਸਹਾਇਤਾ ਲਿਜਾਣ ਵਾਲੇ ਕੁਲ 143 ਟਰੱਕ ਸਰਹੱਦ ਪਾਰ ਕਰ ਚੁੱਕੇ ਹਨ। ਮਾਨਵਤਾਵਾਦੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ ਦੇ ਬੁਲਾਰੇ ਜੇਂਸ ਲੇਰਕੇ ਨੇ ਕਿਹਾ ਕਿ ਟਰੱਕ 'ਚ ਸੰਯੁਕਤ ਰਾਸ਼ਟਰ ਦੀਆਂ 6 ਏਜੰਸੀਆਂ ਤੋਂ ਮਿਲਿਆ ਸਾਮਾਨ ਹੈ। ਇਨ੍ਹਾਂ ਵਿੱਚ ਟੈਂਟ, ਗੱਦੇ, ਕੰਬਲ, ਸਰਦੀਆਂ ਦੇ ਕੱਪੜੇ, ਹੈਜ਼ਾ ਟੈਸਟ ਕਿੱਟਾਂ, ਜ਼ਰੂਰੀ ਦਵਾਈਆਂ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਤੋਂ ਅਨਾਜ ਸ਼ਾਮਲ ਹਨ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਨੇ ਕਿਹਾ ਕਿ ਉਹ ਸਿੰਚਾਈ ਪ੍ਰਣਾਲੀ, ਸੜਕਾਂ, ਬਾਜ਼ਾਰਾਂ ਅਤੇ ਸਟੋਰੇਜ ਸਮਰੱਥਾ ਸਮੇਤ ਭੂਚਾਲ ਨਾਲ ਤਬਾਹ ਹੋਏ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਲੋੜੀਂਦੇ ਕਦਮਾਂ ਨੂੰ ਨਿਰਧਾਰਤ ਕਰਨ ਲਈ ਤੁਰਕੀ ਨਾਲ ਕੰਮ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।