ਕੋਵਿਡ-19 : ਇਮਿਊਨਿਟੀ ਵਧਾਉਣ ਲਈ ਖੂਬ ਪੀਓ ਇਹ ਜੂਸ, ਹੋਵੇਗਾ ਫਾਇਦਾ
Thursday, Mar 26, 2020 - 11:39 PM (IST)
ਵਾਸ਼ਿੰਗਟਨ : ਜਿਵੇਂ ਹੀ ਮੌਸਮ ਬਦਲਦਾ ਜਾਂਦਾ ਹੈ, ਸਰੀਰ ਆਸਾਨੀ ਨਾਲ ਕਿਸੇ ਵੀ ਕਿਸਮ ਦੇ ਫਲੂ ਦਾ ਸ਼ਿਕਾਰ ਹੋ ਜਾਂਦਾ ਹੈ। ਖਾਸਕਰ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਆਸਾਨੀ ਨਾਲ ਕਿਸੇ ਵੀ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਆਦਾਤਰ ਲੋਕ ਜੋ ਕੋਰੋਨਾ ਤੋਂ ਪ੍ਰਭਾਵਿਤ ਹਨ ਉਹ ਵੀ ਉਹ ਲੋਕ ਹਨ ਜਿਨ੍ਹਾਂ ਦੀ ਪ੍ਰਤੀਰੋਧੀ ਪ੍ਰਣਾਲੀ ਯਾਨੀ ਇਮਿਊਨਿਟੀ ਸਿਸਟਮ ਕਮਜ਼ੋਰ ਹੈ।
ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਕਈ ਕਿਸਮਾਂ ਦੇ ਜੂਸ ਸਰੀਰ ਦੇ ਇਮਿਊਨ ਸਿਸਟਮ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਮਿਊਨ ਬੂਸਟਰ ਜੂਸਾਂ 'ਤੇ ਵੀ ਬਹੁਤ ਸਾਰੀਆਂ ਵਿਗਿਆਨਕ ਖੋਜਾਂ ਕੀਤੀਆਂ ਗਈਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਉਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਆਓ ਜਾਣਦੇ ਹਾਂ ਇਸ ਬਾਰੇ-
ਪਾਲਕ ਦਾ ਜੂਸ
ਹਰੀਆਂ ਸਬਜ਼ੀਆਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਸਰੀਰ ਲਈ ਬਹੁਤ ਫਾਇਦੇਮੰਦ ਹਨ। ਇਸ ਦੇ ਜੂਸ ਨੂੰ ਬਣਾਉਣ ਲਈ ਕੱਟੀ ਹੋਈ ਪਾਲਕ ਦੇ 2 ਕੱਪ ਅਤੇ 1 ਕੱਪ ਪਾਣੀ ਪਾ ਕੇ ਜੂਸ ਬਣਾਓ। ਇਸ ਨੂੰ ਪੀਣ ਨਾਲ ਤੁਹਾਨੂੰ ਤਾਕਤ ਮਿਲੇਗੀ।
ਟਮਾਟਰ ਦਾ ਰਸ
ਟਮਾਟਰ ਵਿਚ ਫੋਲੇਟ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਸਰੀਰ ਵਿਚ ਕਿਸੇ ਵੀ ਵਾਇਰਸ ਨਾਲ ਲੜਨ ਦੀ ਤਾਕਤ ਰਹਿੰਦੀ ਹੈ। ਇਸ ਦਾ ਰਸ ਬਣਾਉਣ ਲਈ ਟਮਾਟਰ ਦੇ ਛੋਟੇ ਟੁਕੜੇ ਜੂਸਰ ਵਿਚ ਪਾਓ। ਲਗਭਗ 5 ਮਿੰਟ ਲਈ ਜੂਸਰ ਨੂੰ ਚਲਾਓ ਅਤੇ ਫਿਰ ਥੋੜਾ ਜਿਹਾ ਲੂਣ ਪਾ ਕੇ ਇਸ ਨੂੰ ਪੀਓ।
ਅੰਗੂਰ ਤੇ ਸੰਤਰਿਆਂ ਦਾ ਜੂਸ
ਵਿਟਾਮਿਨ ਸੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਤੇ ਸੰਤਰੇ ਤੋਂ ਸਾਨੂੰ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਮਿਲਦਾ ਹੈ। ਕੁੱਝ ਅੰਗੂਰ ਅਤੇ ਇਕ ਸੰਤਰੇ ਨੂੰ ਇਕ ਜੂਸਰ ਵਿਚ ਪਾਓ ਅਤੇ ਜੂਸ ਬਣਾਓ । ਇਹ ਤੁਹਾਨੂੰ ਕਾਫੀ ਤਾਕਤ ਦੇਵੇਗਾ। ਇਸ ਦੇ ਨਾਲ ਹੀ ਇਹ ਚਮੜੀ ਸਬੰਧੀ ਕਈ ਬੀਮਾਰੀਆਂ ਤੋਂ ਵੀ ਰਾਹਤ ਦੇਵੇਗਾ।
ਤਰਬੂਜ ਦਾ ਜੂਸ
ਤਰਬੂਜ (ਹਦਵਾਣਾ) ਵਿਚ ਵਿਟਾਮਿਨ ਏ, ਵਿਟਾਮਿਨ ਸੀ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਜੂਸ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਹਾਲਾਂਕਿ ਬਹੁਤੇ ਸ਼ਹਿਰਾਂ ਵਿਚ ਅਜੇ ਤਰਬੂਜ਼ ਮਿਲਣੇ ਸ਼ੁਰੂ ਨਹੀਂ ਹੋਏ ਪਰ ਉਹ ਲੋਕ ਹੋਰ ਮੌਸਮੀ ਫਲਾਂ ਦਾ ਜੂਸ ਜ਼ਰੂਰ ਪੀਂਦੇ ਰਹਿਣ ਤਾਂ ਕਿ ਸਰੀਰ ਤੰਦਰੁਸਤ ਰਹੇ।
ਗਾਜਰ ਅਤੇ ਅਦਰਕ
ਗਾਜਰ ਅਤੇ ਅਦਰਕ ਦਾ ਰਸ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ ਦੇ ਨਾਲ-ਨਾਲ ਆਇਰਨ ਅਤੇ ਕੈਲਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਜੂਸ ਬਣਾਉਣ ਲਈ ਇਕ ਗਾਜਰ ਅਤੇ ਅਦਰਕ ਦਾ ਇਕ ਟੁੱਕੜਾ ਧੋ ਲਓ। ਥੋੜਾ ਜਿਹਾ ਪਾਣੀ ਪਾ ਕੇ ਇਸ ਦਾ ਜੂਸ ਬਣਾਓ ਤੇ ਹਲਕਾ ਨਮਕ ਪਾ ਕੇ ਇਸ ਨੂੰ ਪੀਓ।
ਇਨ੍ਹਾਂ ਤੋਂ ਇਲਾਵਾ ਸੇਬ, ਅਨਾਰ ਅਤੇ ਚਕੰਦਰ ਦਾ ਜੂਸ ਵੀ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਦੀ ਸ਼ਕਤੀ ਨੂੰ ਵਧਾਉਣ ਲਈ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਕਈ ਕਿਸਮਾਂ ਦੇ ਜੂਸ ਸਰੀਰ ਨੂੰ ਤਾਕਤ ਦਿੰਦੇ ਹਨ।