IMF ਨੇ ਖ਼ਾਰਜ ਕੀਤੀ ਪਾਕਿ ਦੀ ਕਰਜ਼ ਮੈਨੇਜਮੈਂਟ ਯੋਜਨਾ, ਕਿਹਾ- ਸਰਕਾਰ ਬਿਜਲੀ ਦਾ ਮੁੱਲ 12.50 ਰੁਪਏ ਪ੍ਰਤੀ ਯੂਨਿਟ ਕਰੇ ਤੈਅ

02/03/2023 10:08:09 AM

ਇਸਲਾਮਾਬਾਦ : ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਦਲ ਨੇ ਪਾਕਿਸਤਾਨ ਦੀ ਸੋਧੀ ਕਰਜ਼ ਮੈਨੇਜਮੈਂਟ ਯੋਜਨਾ ਨੂੰ ਵੀ ਖ਼ਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਰਜ਼ਾ ਲੈਣ ਅਤੇ ਉਸ ਨੂੰ ਚੁਕਾਉਣ ਦੇ ਪਾਕਿਸਤਾਨੀ ਤਰੀਕੇ ਨੂੰ ਆਈ. ਐੱਮ. ਐੱਫ. ਗ਼ਲਤ ਦਸ ਚੁੱਕਾ ਹੈ। ਸੰਗਠਨ ਨੇ ਕਿਹਾ ਹੈ ਕਿ ਪਾਕਿਸਤਾਨ ਬਿਜਲੀ ਬਿਲਾਂ 'ਚ ਛੋਟ ਦੀ ਸਹੂਲਤ ਨੂੰ ਖ਼ਤਮ ਕਰਨ ਨਾਲ ਹੀ ਬਿਜਲੀ ਮੁੱਲ 'ਚ ਵੀ ਵਾਧਾ ਕਰੇ। ਸਰਕਾਰ ਬਿਜਲੀ ਦਾ ਮੁੱਲ 12.50 ਰੁਪਏ ਪ੍ਰਤੀ ਯੂਨਿਟ ਤੈਅ ਕਰੇ। ਇਨ੍ਹਾਂ ਦੋਵਾਂ ਤਰੀਕਿਆਂ ਨਾਲ ਸਰਕਾਰ ਨੂੰ 335 ਅਰਬ ਰੁਪਏ ਦਾ ਲਾਭ ਹੋਵੇਗਾ।

ਇਹ ਵੀ ਪੜ੍ਹੋ: ਰਿਸ਼ੀ ਸੁਨਕ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ 100 ਦਿਨ ਕੀਤੇ ਪੂਰੇ, ਜਨਤਾ ਨਾਲ ਕੀਤਾ ਨਵਾਂ ਵਾਅਦਾ

12.50 ਰੁਪਏ ਪ੍ਰਤੀ ਯੂਨਿਟ ਕਰਨ ਦਾ ਫ਼ੈਸਲਾ
ਆਈ. ਐੱਮ. ਐੱਫ. ਦੇ ਅਧਿਕਾਰੀਆਂ ਦਾ ਦਲ ਸੋਮਵਾਰ ਨੂੰ ਪਾਕਿਸਤਾਨ ਆਇਆ ਸੀ ਅਤੇ ਆਰਥਿਕ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਇਹ ਦਲ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸੱਤ ਅਰਬ ਡਾਲਰ ਦੇ ਕਰਜ਼ 'ਚੋਂ 1.18 ਅਰਬ ਡਾਲਰ ਦੀ ਪਹਿਲੀ ਕਿਸ਼ਤ ਦੇਣ ਤੋਂ ਪਹਿਲਾਂ ਸਥਿਤੀਆਂ ਦਾ ਮੁਲਾਂਕਣ ਕਰ ਰਿਹਾ ਹੈ। ਸਮੀਖਿਆ ਦੇ ਇਸੇ ਦੌਰ 'ਚ ਆਈ. ਐੱਮ. ਐੱਫ. ਨੇ ਪਾਕਿਸਤਾਨ ਸਰਕਾਰ ਤੋਂ ਊਰਜਾ ਖੇਤਰ 'ਚ ਵਿਆਪਕ ਸੁਧਾਰ ਕਰਨ ਲਈ ਕਿਹਾ ਹੈ। ਪਾਕਿਸਤਾਨ 'ਚ ਇਸ ਸਮੇਂ ਬਿਜਲੀ ਦਾ ਮੁੱਲ ਸੱਤ ਰੁਪਏ ਪ੍ਰਤੀ ਯੂਨਿਟ ਹੈ। ਆਈ. ਐੱਮ. ਐੱਫ. ਦੇ ਦਲ ਨੇ ਇਸ ਨੂੰ ਵਧਾ ਕੇ 11 ਰੁਪਏ ਤੋਂ 12.50 ਰੁਪਏ ਪ੍ਰਤੀ ਯੂਨਿਟ ਕਰਨ ਲਈ ਕਿਹਾ ਹੈ। 

ਸਾਲ ਦੇ ਅੰਤ ਤੱਕ ਪਾਕਿ ਸਿਰ ਹੋਵੇਗਾ ਅਰਬਾਂ ਦਾ ਕਰਜ਼ਾ 
ਦੱਸਣਯੋਗ ਹੈ ਕਿ ਸਾਲ 2023 ਦੇ ਅੰਤ ਤਕ ਪਾਕਿਸਤਾਨ ’ਤੇ ਕੁਲ 2,113 ਅਰਬ ਰੁਪਏ ਦਾ ਕਰਜ਼ ਹੋ ਜਾਵੇਗਾ। ਆਈ. ਐੱਮ. ਐੱਫ. ਇਸ ਕਰਜ਼ ਨੂੰ ਵਧਾਉਣ ਤੋਂ ਰੋਕਣ ਲਈ ਪਾਕਿਸਤਾਨ ਸਰਕਾਰ ਨੂੰ ਸਖ਼ਤ ਫ਼ੈਸਲੇ ਲੈਣ ਲਈ ਆਖਿਆ ਜਾ ਰਿਹਾ ਹੈ। ਆਯਾਤ ਲਈ ਨਕਦੀ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਲਈ ਆਈ. ਐੱਮ. ਐੱਫ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ।

ਇਹ ਵੀ ਪੜ੍ਹੋ: 23 ਸਾਲਾ ਕੁੜੀ ਨੇ ਰਚਿਆ ਆਪਣੀ ਮੌਤ ਦਾ ਡਰਾਮਾ, ਹਮਸ਼ਕਲ 'ਤੇ ਕੀਤੇ ਤੇਜ਼ਧਾਰ ਹਥਿਆਰ ਨਾਲ 50 ਵਾਰ

ਪਾਕਿ 'ਚ ਮਹਿੰਗਾਈ ਨੇ ਤੋੜੇ ਰਿਕਾਰਡ
ਪਾਕਿਸਤਾਨ 'ਚ ਮਹਿੰਗਾਈ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। 1975 ਤੋਂ ਬਾਅਦ 48 ਸਾਲਾਂ 'ਚ ਪਹਿਲੀ ਵਾਰ ਦੇਸ਼ 'ਚ ਮਹਿੰਗਾਈ 27.55 ਫ਼ੀਸਦੀ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਇਸ ਦੌਰਾਨ ਰੋਜ਼ਾਨਾ ਦੀਆਂ ਜ਼ਰੂਰਤਾਂ ਦੀਆਂ ਕੁਝ ਵਸਤੂਆਂ ਦੀ ਕੀਮਤ ਦੋ ਗੁਣਾ ਤਕ ਹੋ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਢਾਈ ਸੌ ਰੁਪਏ ਦੇ ਪਾਰ ਚਲੀ ਗਈ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News