ਅਲਾਬਮਾ ਦੇ ਵੇਸਟ ਵਾਟਰ ਪਲਾਂਟ ’ਚ ਫੜੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ

12/20/2020 11:45:32 AM

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਦੇਸ਼ ’ਚ ਗੈਰ-ਕਾਨੂੰਨੀ ਨਸ਼ਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ’ਚ ਪੁਲਸ ਨੂੰ ਅਲਾਬਮਾ ’ਚ ਇਕ ਸ਼ਰਾਬ ਫੈਕਟਰੀ ਨੂੰ ਜ਼ਬਤ ਕਰਨ ’ਚ ਸਫਲਤਾ ਪ੍ਰਾਪਤ ਹੋਈ ਹੈ। ਡੀਕਾਲਬ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ, ਪੁਲਸ ਅਧਿਕਾਰੀਆਂ ਨੇ ਉੱਤਰ ਪੂਰਬ ਅਲਾਬਮਾ ਦੇ ਰੇਨਸਵਿਲੇ ’ਚ ਮਿਉਂਸੀਪਲਟੀ ਦੇ ਇਕ ਗੰਦੇ ਪਾਣੀ ਦੇ ਪਲਾਂਟ ’ਚ ਲੰਬੇ ਸਮੇਂ ਤੋਂ ਚੱਲ ਰਹੀ ਗੈਰ-ਕਾਨੂੰਨੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।

ਪੁਲਸ ਅਧਿਕਾਰੀਆਂ ਨੇ ਇਸ ਸੰਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਵੀਰਵਾਰ ਵਾਲੇ ਦਿਨ ਤਕਰੀਬਨ 3 ਵਜੇ ਕਾਰਵਾਈ ਕਰਦਿਆਂ ਇਸ ਪਲਾਂਟ ’ਚੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਫਿਲਹਾਲ ਵਾਈਨ ਬਣਾਉਣ ਵਾਲਿਆਂ ਦੇ ਨਾਂ ਜਾਰੀਨਹੀਂ ਕੀਤੇ ਹਨ ਪਰ ਜਾਂਚਕਰਤਾਵਾਂ ਅਨੁਸਾਰ ਇਸ ਗਤੀਵਿਧੀ ’ਚ ਰੇਨਸਵਿਲੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ’ਚ ਕੁਝ ਮਿਉਂਸੀਪਲ ਕਰਮਚਾਰੀ ਸ਼ਾਮਲ ਸਨ।

PunjabKesari

ਇਸ ਆਪ੍ਰੇਸ਼ਨ ਦੌਰਾਨ ਅਧਿਕਾਰੀਆਂ ਦੇ ਪਲਾਂਟ ’ਚ ਪਹੁੰਚਣ ਤੋਂ ਬਾਅਦ ਮੇਅਰ ਲਿੰਗਰਫੈਲਟ ਦੁਆਰਾ ਅਗਲੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਇਸ ਕਾਰਵਾਈ ਦੇ ਸੰਬੰਧ ’ਚ ਡੇਕਾਲਬ ਕਾਉਂਟੀ ਸ਼ੈਰਿਫ ਨਿਕ ਵੈਲਡੇਨ ਨੇ ਇਕ ਬਿਆਨ ’ਚ ਕਿਹਾ ਕਿ ਇਹ ਕਾਉਂਟੀ ਦਾ ਸੰਭਵ ਤੌਰ ’ਤੇ ਇਕ ਵੱਡਾ ਆਪ੍ਰੇਸ਼ਨ ਹੈ। ਇਸ ਦੇ ਇਲਾਵਾ ਵਿਭਾਗ ਅਨੁਸਾਰ ਇਸ ਫੈਕਟਰੀ ’ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਬਾਲਟੀਆਂ ਦੇ ਭੰਡਾਰ ਦੇ ਨਾਲ ਵਾਈਨ ਬਣਾਉਣ ਲਈ ਲੋੜੀਂਦਾ ਸਮਾਨ ਵੀ ਜ਼ਬਤ ਕੀਤਾ ਗਿਆ ਹੈ ਅਤੇ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਉਮੀਦ ਨਾਲ ਅਧਿਕਾਰੀਆਂ ਦੁਆਰਾ ਇਸ ਮਾਮਲੇ ਦੀ ਜਾਂਚ ਜਾਰੀ ਹੈ।


Aarti dhillon

Content Editor

Related News