ਚੁੱਲ੍ਹਿਆਂ ਵਿਚ ਉੱਗਿਆ ਆਈਲੈਟਸ

05/03/2020 12:27:14 PM

ਦੇਵ ਕੁਰਾਈਵਾਲਾ
9413400053

ਚੁੱਲ੍ਹਿਆਂ ਵਿਚ ਉੱਗਿਆ ਘਾਹ ਉਜਾੜੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਹੁਣ ਡਾਲਰਾਂ ਪੌਂਡਾ ਨੇ ਚੁੱਲਿਆ ਚੌਂਕਿਆਂ ਦੀਆਂ ਝੀਥਾਂ ਬੰਦ ਕਰ ਦਿੱਤੀਆਂ ਹਨ। ਚੌਂਕੇ ਬੇਸ਼ੱਕ ਸੁੰਨੇ ਤਾਂ ਹੁਣ ਵੀ ਹੋਏ ਹਨ ਪਰ ਹੁਣ ਦੁੱਧ ਚਿੱਟੇ ਡੂੰਗਰੀ ਪੱਥਰ ਤੇ ਬਣੇ ਸੀਮੇਂਟ ਦੇ ਚੁੱਲਿਆ ਵਿਚ ਘਾਹ ਦੀ ਇਕ ਤਿੜ੍ਹ ਵੀ ਨਹੀਂ ਫੁੱਟ ਸਕਦੀ। ਹੁਣ ਬੈਠਕਾਂ ਵਿਚ ਬੈਠ ਕਿ ਸੀਪ ਖੇਡਣ ਵਾਲੇ ਮੌਸਮ ਗੁਜ਼ਰ ਰਹੇ ਹਨ ਹੁਣ ਤਾਂ ਤਿੰਨ-ਤਿੰਨ ਮੰਜ਼ਿਲਾਂ ਦੀਆਂ ਕੋਠੀਆਂ ਦੀ ਰਖਵਾਲੀ ਲਈ ਤਨਖਾਹ ਦੇਕੇ ਚੌਕੀਦਾਰ ਬਠਾਏ ਜਾਂਦੇ ਹਨ। ਚੁਬਾਰਿਆਂ ਦੇ ਬਨੇਰੇ ਹੁਣ ਮਾਲਕਾਂ ਨੂੰ ਵੇਖਣ ਲਈ ਤਰਸ ਗਏ ਹਨ। ਘਰਾਂ ਦੀਆਂ ਮੰਮਟੀਆਂ ਟੁੱਟੀਆਂ ਬਾਹਾਂ ਵਾਂਗ ਲਟਕ ਰਹੀਆਂ ਹਨ। ਹੁਣ ਖੇਤਾਂ ਵਿਚ ਸਿੱਧੇ ਸਿਆੜ ਕੱਢਣ ਵਾਲੇ ਨੂੰ ਮਾਣ ਨਾਲ ਨਹੀਂ ਵੇਖਿਆ ਜਾਂਦਾ ਅਤੇ ਨਾ ਹੀ ਪੜ੍ਹੀ ਲਿਖੀ ਸਿਆਣੀ ਜਵਾਨੀ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਧਰਨੇ ਲਾਉਣ ਦੀ ਜ਼ਰੂਰਤ ਹੈ।

ਕਹਿੰਦੇ ਹੁੰਦੇ ਨੇ ਕਿ ਜਦ ਵੈਰੀ ਖੰਡ ਦਿੱਤਿਆਂ ਮਰੇ ਫਿਰ ਜ਼ਹਿਰ ਦੇਣ ਦੀ ਕੀ ਜਰੂਰਤ ਹੈ। ਸਾਡਾ ਦੇਸ਼ ਭਾਰਤ ਲੋਕਤੰਤਰੀ ਦੇਸ਼ ਹੈ, ਇੱਥੇ ਕਿਸਾਨਾਂ ਤੋਂ ਜ਼ਮੀਨਾ ਖੋਹੀਆਂ ਨਹੀਂ ਜਾ ਸਕਦੀਆਂ ਪਰ ਜ਼ਮੀਨ ਮਾਲਕਾਂ ਦੀ ਮਰਜ਼ੀ ਨਾਲ ਛੁਡਵਾਈਆਂ ਤਾਂ ਜਾ ਸਕਦੀਆਂ ਹਨ। ਪੰਜਾਬ ਭਾਰਤ ਦਾ ਉਹ ਸੂਬਾ ਹੈ ਜਿਸਨੇ ਸਾਰੇ ਭਾਰਤ ਦੇ ਮੂੰਹ ਵਿਚ ਅੰਨ ਪਾਇਆ ਹੈ। ਇਹ ਉਹ ਧਰਤੀ ਹੈ, ਜਿੱਥੇ ਮਰਦੇ ਦੇ ਮੂੰਹ ਵਿਚ ਪਾਣੀ ਪਾਉਣ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਪਰ ਇੱਸੇ ਪਾਣੀ ਪਿੱਛੇ ਵੈਰੀ ਨੇ ਇਹਦਾ ਇਕ ਦਹਾਕਾ ਖੂਨ ਪੀਤਾ। ਪੰਜਾਬੀ ਕੁਝ ਜ਼ਿਆਦਾ ਹੀ ਜ਼ਜਬਾਤੀ ਅਤੇ ਗਰਮ ਖੂਨ ਵਾਲੇ ਹਨ ਜ਼ੁਲਮ ਖਿਲਾਫ ਟੱਕਰ ਲੈਣਾਂ ਇਨ੍ਹਾਂ ਦਾ ਇਤਿਹਾਸ ਹੈ ਪਰ ਜੇਕਰ ਇਹ ਪੰਜਾਬ ਵਿਚ ਰਹੇ ਹੀ ਨਾ ਫਿਰ ਇਹ ਬਾਹਰਲੇ ਮੁਲਖਾਂ ਵਿਚ ਜੌਬਾਂ ਕਰਨਗੇ ਜਾਂ ਆਵਦੇ ਹੱਕਾਂ ਲਈ ਲੜਾਈਆਂ ਕਰਨਗੇ। ਜ਼ਮੀਨਾਂ ਵਾਲੇ ਬਾਬੇ ਹੁਣ ਬਜ਼ੁਰਗ ਹੋ ਗਏ ਹਨ ਅਤੇ ਸਾਡੀ ਸਿਆਣੀ ਜਵਾਨੀ ਕਹਿੰਦੀ ਹੈ ਕਿ ਅਸੀਂ ਪੜ੍ਹੇ ਲਿਖੇ ਹਾਂ ਸਾਥੋਂ ਨਹੀਂ ਭਾਦੋ ਵਿਚ ਗੋਡੀਆਂ ਪਾਈਆ ਜਾਂਦੀਆਂ ਅਸੀਂ ਤਾਂ ਠੰਡੇ ਸਟੋਰਾਂ ਵਿਚ ਕੰਮ ਕਰਾਂਗੇ। ਠੰਡੇ ਸਟੋਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਪਾਣੀ ਦੀ ਅਹਿਮੀਅਤ ਦਾ ਕੀ ਸਵਾਹ ਪਤਾ ਲੱਗਣਾ।

ਵਿਦੇਸ਼ਾਂ ਵਿਚ ਕਮਾਏ ਡਾਲਰਾਂ ਨੂੰ ਖਰਚਣ ਲਈ ਜੇਕਰ ਵੱਡੇ ਮਾਲ ਨਿਆਈਆਂ ਵਿਚ ਬਣ ਜਾਣਗੇ ਤਾਂ ਇਸ ਵਿਚ ਕੀ ਹਰਜ਼ ਹੈ। ਬਾਪੂ ਹੋਰੀਂ ਵੀ ਹੁਣ ਸੋਚਦੇ ਨੇ ਸਾਰੀ ਉਮਰ ਖੇਤਾਂ ’ਚ ਜੁੱਤੀਆਂ ਤੁੜਾ ਲਈਆਂ ਹਲ ਵਾਹੁੰਦਿਆਂ ਦੀਆਂ ਲੱਤਾਂ ਵਿੰਗੀਆਂ ਹੋ ਗਈਆਂ ਪਰ ਆੜਤੀਏ ਦੀ ਵਹੀ ਨਾ ਸਿੱਧੀ ਹੋਈ ਤੇ ਜੇਕਰ ਇਕ ਪੇਪਰ ਦੇਕੇ ਕੁੜੀ ਕੈਨੇਡੇ ਜਾਂਦੀ ਹੈ ਤਾਂ ਫਾਹੇ ਤੋਂ ਹੀ ਬਚਾਂਗੇ, ਹਾਥੀ ਦੀ ਪੈੜ ਵਿਚ ਕਹਿੰਦੇ ਸਾਰੀਆਂ ਪੈੜਾਂ ਆ ਜਾਂਦੀਆਂ ਨਾ ਦਾਜ਼ ਦਾ ਫਿਕਰ ਨਾ ਕਰਜ਼ੇ ਦਾ ਫਿਕਰ। ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ,ਜਦੋਂ ਬੇਬੇ ਬਾਪੂ ਹੋਰੀਂ ਖੇਤ ਨਰਮਾਂ ਚੁੱਗਦੇ ਗੱਲਾਂ ਕਰਦੇ ਤਾਂ ਬੇਬੇ ਮੈਨੂੰ ਕਈ ਵਾਰ ਕਹਿ ਦਿੰਦੀ “ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤੇ ਔਰਤ ਦਾ ਦੂਜਾ ਸੋਹਾਗ ਹੁੰਦੀ ਆ।“ਓਦੋਂ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਸੀ ਪਰ ਹੁਣ ਪਤਾ ਲਗਦਾ ਜਦ ਇਹ ਮਾਂ ਸ਼ਾਹੂਕਾਰਾਂ ਕੋਲ ਗਹਿਣੇ ਹੋਕੇ ਪੁੱਤਾਂ ਨੂੰ ਬਰਫਾਂ ਵਾਲੇ ਦੇਸ਼ਾਂ ਵਿਚ ਭੇਜਦੀ ਹੈ ਪਰ ਹੁਣ ਇਹ ਪੁੱਤ ਇਹਨੇਂ ਕਪੁੱਤ ਹੋ ਗਏ ਹਨ ਕਿ ਓਥੇ ਬੈਠੇ ਹੀ ਮਾਂ ਦਾ ਸੌਦਾ ਕਰ ਲੈਂਦੇ ਨੇ ਤੇ ਮਾਂ ਦੀ ਆਤਮਾ ਸਿੱਧੀ ਬੈਂਕ ਖਾਤੇ ਵਿਚ ਆ ਕੇ ਕਰਲਾਉਂਦੀ ਹੈ ਪਰ ਜੇ ਪੁੱਤਾਂ ਦੀ ਸੁਣੀਏ ਤਾਂ ਪੁੱਤ ਕਹਿੰਦੇ ਨੇ ਕਿ ਡੌਲਿਆਂ ਤੋਂ ਭੱਜੀਆਂ ਬਾਹਵਾਂ ਦਾ ਹੁਣ ਅਸੀਂ ਕਰੀਏ ਵੀ ਕੀ?

ਕਿਹੜਾ ਪੰਜਾਬ ਕਿਹੜੀ ਕਿਸਾਨੀ ਦੀ ਗੱਲ ਕਰੀਏ ਜਦੋਂ ਕਰਿਆਨਾ ਸਟੋਰ ਵਾਲਾ ਮੰਜੇ ਦੀ ਦੌਣ ਪਾਉਣ ਲਈ ਰੱਸਾ ਵੀ ਕਿਸੇ ਦੀ ਜ਼ਿੰਮੇਵਾਰੀ ’ਤੇ ਦਿੰਦਾ ਹੈ ਉਹਨੂੰ ਇਹ ਡਰ ਲੱਗਿਆ ਰਹਿੰਦਾ ਕਿ ਜਿਹੜਾ ਕਿਸਾਨ ਦੌਣ ਵਾਸਤੇ ਰੱਸਾ ਲੈਣ ਆਇਆ ਹੈ। ਇਹ ਇਹਦੀ ਦੌਣ ਪਾਊ ਜਾਂ ਖੇਤ ਨਿੰਮ ਨਾਲ ਜਾਕੇ ਫਾਹਾ ਪਾਊਗਾ।"ਸਾਰਾ ਜਾਂਦਾ ਵੇਖੀਏ,ਅੱਧਾ ਦੇਈਏ ਵੰਡ" ਵਾਲੀ ਕਹਾਵਤ ਹੁਣ ਪੰਜਾਬੀਆਂ ਦੇ ਹਿੱਸੇ ਆਈ ਹੈ। ਖੁਦਕੁਸ਼ੀਆਂ ਨਾਲੋਂ ਤਾਂ ਬਿਗਾਨੀਆਂ ਧਰਤੀਆਂ ’ਤੇ ਕੰਮ ਕਰਨਾ ਹੀ ਠੀਕ ਹੈ। ਇਹ ਵਲੈਤੀਏ ਹੀ ਹਨ, ਜਿੰਨ੍ਹਾ ਕਰਕੇ ਥੋੜੀ ਬਹੁਤ ਪੰਜਾਬ ਦੀ ਅਰਥ ਵਿਵਸਥਾਂ ’ਚ ਅਜੇ ਕੋਈ ਸਾਹ ਬਾਕੀ ਹਨ ਨਹੀਂ ਸਰਕਾਰਾਂ ਨੇ ਤਾਂ ਕਦੋਂ ਦਾ ਪੰਜਾਬ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਹੈ। ਨਿੱਕੇ ਹੁੰਦੇ ਕਿਰਤੀਆਂ ਨੇ ਨਿਆਣੇ ਕੁਲਫੀਆਂ ਵਾਲਿਆ ਮਗਰ ਭੱਜਦੇ ਸੀ ਫਿਰ ਕਾਰਾਂ ਵਾਲਿਆਂ ਮਗਰ ਭੱਜਣ ਲੱਗ ਗਏ ਕਾਰਾਂ ਮਗਰ ਭੱਜਦੇ ਭੱਜਦੇ ਸ਼ਾਹੂਕਾਰਾਂ ਦੀਆਂ ਚਿੱਟੀਆਂ ਕਾਰਾਂ ਇਨ੍ਹਾਂ ਦੇ ਮਨਾਂ ਦੀ ਜ਼ਮੀਨ ਤੇ ਉੱਕਰ ਗਈਆਂ ਹੁਣ ਇਹ ਲੰਬੀਆਂ ਕਾਰਾਂ ਇਨ੍ਹਾਂ ਨੂੰ ਆਈਲੈਟਸ ਹੀ ਦਵਾ ਸਕਦਾ ਹੈ।

ਹੁਣ ਕਹਿੰਦੇ ਪੰਜਾਬੀ ਇੱਕ ਨਵੀਂ ਪਿਰਤ ਪਾਉਣ ਚੱਲੇ ਹਨ ਕਿ ਹੁਣ ਸਰਵਣ ਭਗਤ ਦੇ ਪੰਜਾਬ ਨੂੰ ਬਿਰਧ ਆਸ਼ਰਮਾਂ ਦੀ ਕਾਫੀ ਜਰੂਰਤ ਹੈ। ਬਜ਼ੁਰਗ ਮਾਪਿਆਂ ਤੋਂ ਸ਼ਿਫਟਾਂ ਕੱਢ ਲਗਦੀਆਂ ਹਨ ਨਾਲੇ ਇਨ੍ਹਾਂ ਨੂੰ ਉਂਜ ਵੀ ਬਲਦਾਂ ਦੀਆਂ ਪੰਜਾਲੀਆਂ ਤਾਂ ਪਾਉਣੀਆਂ ਆਉਂਦੀਆ ਹਨ ਪਰ ਔਲਾਦਾਂ ਵਾਲੀਆਂ ਸੀਟ ਬੈਲਟਾਂ ਨਹੀਂ ਲਾਉਣੀਆਂ ਆਉਂਦੀਆਂ ਤੇ ਇਸਦੇ ਬਿਨ੍ਹਾ ਕੰਮ ਤਾ ਜਾਣਾ ਬਹੁਤ ਔਖਾ ਏਸੇ ਲਈ ਪੁੱਤ ਕਹਿੰਦੇ “ਤੁਸੀਂ ਪੰਜਾਬ ਹੀ ਰਹੋ ਅਸੀਂ ਆਏ ਮਹੀਨੇ ਪੈਸੇ ਭੇਜ ਦਿਆ ਕਰਾਂਗੇ”।

ਪਹਿਲਾਂ ਜਵਾਨੀ ਫਾਰਮ ਭਰਨ ਵਿੱਚ ਹੀ ਉਲਝੀ ਰਹਿੰਦੀ ਸੀ ਪਹਿਲਾਂ ਪੜ੍ਹਾਈ ਲਈ ਫਾਰਮ ਭਰੋ ਅਤੇ ਫੇਰ ਨੌਕਰੀਆਂ ਲਈ ਅਤੇ ਫੇਰ ਬੇ-ਰੁਜ਼ਗਾਰੀ ਭੱਤੇ ਲਈ। ਹੁਣ ਬਸ ਦੋ ਹੀ ਫਾਰਮ ਭਰਨੇ ਪੈਂਦੇ ਹਨ ਇਕ ਪਾਸਪੋਰਟ ਲਈ ਅਤੇ ਇਕ ਆਈਲੈਟਸ ਲਈ ਵੀਜ਼ੇ ਵਾਲੇ ਫਾਰਮ ਭਰਨ ਲਈ ਤਾਂ ਹੁਣ ਥਾਂ ਥਾਂ ਦਫਤਰ ਖੁੱਲ ਗਏ ਹਨ ਓਥੇ ਵਿਦਿਆਰਥੀ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਪੜ੍ਹੀ ਲਿਖੀ ਜਵਾਨੀ ਸਿਆਣੀ ਹੈ ਕਹਿੰਦੀ ਭਗਤ ਸਿੰਘ ਮਰ ਗਿਆ ਊਧਮ ਸਿੰਘ ਮਰ ਗਿਆ ਕਰਤਾਰ ਸਰਾਭਾ ਕੈਲੇਫ਼ੋਰਨੀਆਂ ਦੀ ਸਿਖਰ ਦੀ “ਬਰਕਲੇ“ ਯੂਨੀਵਰਸਿਟੀ ਛੱਡ ਕਿ ਆ ਗਿਆ ਸੀ ਉਹਦੇ ਵਾਲੀ ਗਲਤੀ ਅਸੀਂ ਨਹੀਂ ਕਰਨੀ। ਗ਼ਦਰੀ ਬਾਬੇ, ਬੱਬਰ ਅਕਾਲੀ,ਤੇ ਕੂਕਾ ਲਹਿਰ ਦੇ ਸ਼ਹੀਦ ਕੀ ਖੱਟਿਆ ਇਨ੍ਹਾਂ ਨੇ ਐਵੇਂ ਜਾਨਾਂ ਗਵਾ ਗਏ ਜਾਣਾ ਤਾਂ ਸਾਨੂੰ ਫੇਰ ਅੰਗਰੇਜਾਂ ਕੋਲ ਹੀ ਪੈ ਗਿਆ। ਆਜ਼ਾਦੀ ਦੇ ਅਰਥ ਹੀ ਬਦਲ ਗਏ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਹੁਣ ਸਾਨੂੰ ਆਜ਼ਾਦੀ ਦੇਸ਼ ਦੇ ਭ੍ਰਿਸ਼ਟ ਸਿਸਟਮ ਤੋਂ ਨਹੀਂ ਚਾਹੀਦੀ ਆਜ਼ਾਦੀ ਚਾਹੀਦੀ ਹੈ ਸ਼ਰਾਬ ਪੀਣ ਦੀ ਸਿਗਰਟ ਪੀਣ ਦੀ ਹੋਟਲਾਂ ਚ ਕਮਰੇ ਬਿਨ੍ਹਾ ਪੁੱਛ ਗਿੱਛ ਮਿਲਣੇ ਚਾਹੀਦੇ ਹਨ। ਸਮੂਹ ਦੀ ਫਿਕਰ ਛੱਡ ਨਿੱਜ ਵੱਲ ਭੱਜ ਤੁਰੇ ਪਿੰਡਾਂ ਵਿਚ ਸਾਡੇ ਰਹਿਬਰ ਆਉਂਦੇ ਹਨ ਗ੍ਰਾਂਟਾਂ ਦੇ ਢੇਰ ਲਾ ਜਾਂਦੇ ਹਨ। ਬਿਜਲੀ ਆਟਾ ਦਾਲ ਮੁਫ਼ਤ ਅਸੀਂ ਤਾੜੀਆਂ ਮਾਰ-ਮਾਰ ਆਸਮਾਨ ਗੂੰਜਣ ਲਾ ਦਿੰਦੇ ਹਾਂ ਉਹ ਵੀ ਕਾਰ ਦੇ ਸ਼ੀਸ਼ੇ ਚਾੜ੍ਹਕੇ ਆਵਦੇ ਸੈਕਟਰੀ ਨੂੰ ਕਹਿ ਦਿੰਦੇ ਹਨ, ਜਦ ਵੈਰੀ ਗੁੜ੍ਹ ਨਾਲ ਮਰਦਾ ਆਪਾਂ ਕਾਹਨੂੰ ਜ਼ਹਿਰ ਦੇਣੀ ,ਲੋਕ ਆਟਾ ਦਾਲ ਦੇ ਚਾਅ ਵਿਚ ਇਹ ਵੀ ਪੁੱਛਣਾ ਭੁੱਲ ਜਾਂਦੇ ਜਨ ਕਿ ਕੋਈ ਸਰਕਾਰੀ ਇਮਾਰਤ ਬਚੀ ਹੈ ਜਾਂ ਸਾਰੀਆਂ ਗਹਿਣੇ ਹੋ ਗਈਆਂ। ਉਂਝ ਦੇਸ਼ ਚਲਾਉਣੇ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਇਹਦੇ ਲਈ ਇਹੀ ਸਮਝਦਾਰ ਲੋਕ ਚਾਹੀਦੇ ਹਨ ਪਰ ਇਹ ਸਿਆਣਪ ਇਨ੍ਹਾਂ ਦੀ ਆਵਦੀ ਨਿੱਜੀ ਜਾਇਦਾਤ ਤੇ ਹੀ ਕੰਮ ਕਰਦੀ ਹੈ ਜੋ ਪੰਜ ਸਾਲਾਂ ਵਿਚ ਕਈ ਗੁਣਾਂ ਵਧ ਜਾਂਦੀ ਹੈ ਦੇਸ਼ ਤਾਂ ਚਲੋ ਦੇਸ਼ ਹੈ ਖਾਲਾ ਜੀ ਦਾ ਵਾੜਾ ਹੀ ਸਮਝੋ।

“ਸ਼ਰੀਕ ਉੱਜੜੇ ਵਿਹੜਾ ਮੋਕਲਾ” ਸਰਕਾਰਾਂ ਹੁਣ ਬੇਫਿਕਰ ਹਨ ਨੀਰੋ ਬੰਸਰੀ ਵਜਾਉਂਦਾ ਸੀ ਤੇ ਹੁਣ ਵਾਲੇ ਜਨਮ ਦਿਨ ਮਨਾਉਂਦੇ ਹਨ। ਥੋੜਾ ਹੀ ਸਮਾਂ ਹੈ ਪਿੰਡਾਂ ਦੀਆਂ ਸੱਥਾਂ ਅਤੇ ਪੰਚਾਇਤ ਘਰਾਂ ਵਿਚ ਦਫਤਰ ਖੁੱਲ ਜਾਣੇ ਹਨ। ਜਿਹੜੇ ਪਿੰਡਾਂ ਦੇ ਮੋਹਤਵਰ ਹੁਣ ਲੀਡਰ ਦੇ ਜਾਣ ਮਗਰੋਂ ਬਦਾਮ ਕਾਜੂਆਂ ਨਾਲ ਜੇਭਾਂ ਭਰ ਲੈਂਦੇ ਹਨ, ਆਉਣ ਵਾਲੇ ਸਮੇਂ ਵਿਚ ਇਹ ਸਾਰੇ ਪ੍ਰਾਈਵੇਟ ਕੰਪਨੀਆਂ ਦੇ ਏਜੰਟ ਹੋਣਗੇ ਅਤੇ ਬਰਾਨੀ, ਨਿਆਈ ਵਾਲੀ, ਮੋਟਰ ਵਾਲੀ ਜ਼ਮੀਨ ਦੇ ਸਾਰੇ ਟੱਕਾਂ ਦਾ ਸੌਦਾ ਇਕ ਕੀਮਤ ਤੇ ਕਰਵਾ ਦਿਆ ਕਰਨਗੇ, ਦਲਾਲਾਂ ਨੇ ਤਾਂ ਦਲਾਲੀ ਕਰਕੇ ਹੀ ਰੋਟੀ ਖਾਣੀ ਹੁੰਦੀ ਹੈ

ਪਿੰਡ ਉਦਾਸ ਹਨ ਪਿੰਡਾਂ ਵਾਲੇ ਐੱਨ.ਆਰ.ਆਈ ਬਣਕੇ ਖੁਸ਼ ਹਨ ਪੱਕਿਆਂ ਚੁਲ੍ਹਿਆਂ ਵਿੱਚ ਘਾਹ ਨਹੀਂ ਉੱਗਦਾ ਪਰ ਆਈਲੈਟਸ ਤਾਂ ਉੱਗ ਹੀ ਆਇਆ ਹੈ।


rajwinder kaur

Content Editor

Related News