ਕੈਨੇਡਾ : ਸੱਚੇ ਪਿਆਰ ਦੀ ਮਿਸਾਲ ਹੈ ਇਸ ਜੋੜੇ ਦੀ ਕਹਾਣੀ, ਇਕ ਗਲਤੀ ਨੇ ਕਰ ਦਿੱਤਾ ਸਭ ਕੁਝ ਤਬਾਹ

03/14/2018 2:37:35 PM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਰਹਿਣ ਵਾਲੇ ਚਾਰਲਸ ਅਤੇ ਬਾਰਬਾਰਾ ਟਰੋਕਸ ਨਾਂ ਦੇ ਜੋੜੇ 'ਚ ਬਹੁਤ ਪਿਆਰ ਸੀ। ਪਤੀ-ਪਤਨੀ ਇਕ ਦੂਜੇ ਤੋਂ ਜਾਨ ਵਾਰਦੇ ਸਨ। ਦੋ ਬੱਚਿਆਂ ਦੇ ਮਾਂ-ਬਾਪ ਆਪਣੀ ਇੱਛਾ ਪੂਰੀ ਕਰਨ ਲਈ ਖਾਸ ਯੋਜਨਾ ਬਣਾ ਰਹੇ ਸਨ। ਅਖੀਰ ਉਨ੍ਹਾਂ ਆਪਣਾ ਘਰ, ਕਾਰਾਂ ਅਤੇ ਹੋਰ ਸਮਾਨ ਵੇਚ ਕੇ ਦੁਨੀਆ ਦੀ ਸੈਰ ਕਰਨ ਦਾ ਮਨ ਬਣਾਇਆ। ਇਸ ਜੋੜੇ ਦੀ ਇੱਛਾ ਸੀ ਕਿ ਉਹ ਜ਼ਿੰਦਗੀ ਦੇ ਅਗਲੇ 20-30 ਸਾਲ ਸਮੁੰਦਰੀ ਜਹਾਜ਼ ਰਾਹੀਂ ਸਫਰ ਕਰਦਿਆਂ ਬਤੀਤ ਕਰਨਗੇ। 
ਚਾਰਲਸ ਨੇ ਦੱਸਿਆ,''ਮੇਰੀ ਪਤਨੀ ਅਤੇ ਮੈਂ ਬਹੁਤ ਖੁਸ਼ ਸੀ, ਲੱਗਦਾ ਸੀ ਕਿ ਅਸੀਂ ਸਾਰੀ ਦੁਨੀਆ ਨੂੰ ਜਿੱਤਣ ਜਾ ਰਹੇ ਹਾਂ ਪਰ ਅਜੇ ਅਸੀਂ ਆਪਣੇ ਸਫਰ 'ਤੇ ਨਿਕਲੇ ਹੀ ਸੀ ਕਿ ਤੂਫਾਨ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ।'' ਉਸ ਨੇ ਦੱਸਿਆ ਕਿ ਜੁਲਾਈ 2017 ਦਾ ਦਿਨ ਉਸ ਲਈ ਬਹੁਤ ਬੁਰਾ ਸੀ, ਜਿਸ ਨੇ ਉਸ ਦੇ ਹਮਸਫਰ ਨੂੰ ਉਸ ਤੋਂ ਖੋਹ ਲਿਆ। ਉਹ ਅਟਲਾਂਟਿਕ ਸਾਗਰ ਵੱਲ ਵਧ ਰਹੇ ਸਨ ਕਿ ਮੀਂਹ ਪੈਣ ਮਗਰੋਂ ਤੂਫਾਨ ਆਇਆ ਅਤੇ ਸਭ ਕੁੱਝ ਹਿੱਲਣ ਲੱਗਾ। ਪਾਣੀ ਦੀਆਂ ਲਹਿਰਾਂ 20 ਤੋਂ 30 ਫੁੱਟ ਤਕ ਉੱਪਰ ਉੱਠਣ ਲੱਗ ਗਈਆਂ, ਜਿਸ ਕਾਰਨ ਉਨ੍ਹਾਂ ਦੇ ਜਹਾਜ਼ ਦਾ ਵੀ ਸੰਤੁਲਨ ਵਿਗੜ ਗਿਆ। ਦੇਖਦੇ ਹੀ ਦੇਖਦੇ ਬਾਰਬਾਰਾ ਪਾਣੀ 'ਚ ਵਹਿ ਗਈ। ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਜਾ ਰਹੀਆਂ ਸਨ ਅਤੇ ਉਹ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ ਤਾਂ ਕਿ ਬਾਰਬਾਰਾ ਨੂੰ ਬਚਾਇਆ ਜਾ ਸਕੇ। ਸਮੁੰਦਰ ਦੀਆਂ ਲਹਿਰਾਂ 'ਚ ਉਹ ਕਿਤੇ ਲਾਪਤਾ ਹੋ ਗਈ।

PunjabKesari

ਬਾਰਬਾਰਾ ਨੂੰ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਨੇ ਕਿਹਾ ਕਿ ਜਿਸ ਥਾਂ 'ਤੇ ਬਾਰਬਾਰਾ ਡੁੱਬੀ ਉਸ ਥਾਂ ਕੋਲ ਜਾ ਕੇ ਉਸ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਸ ਦਾ ਦਿਲ ਟੁੱਟ ਗਿਆ ਹੋਵੇ ਅਤੇ ਅਜਿਹਾ ਲੱਗਦਾ ਹੈ ਕਿ ਉਸ ਦਾ ਸਭ ਕੁੱਝ ਖਤਮ ਹੋ ਗਿਆ। ਐਮਰਜੈਂਸੀ ਕਰੂ ਅਤੇ ਚਾਰਲਸ ਲਗਾਤਾਰ ਮਿਹਨਤ ਕਰਦੇ ਰਹੇ ਪਰ ਉਸ ਦਾ ਕਿਤੇ ਪਤਾ ਨਾ ਲੱਗਾ। ਚਾਰਲਸ ਨੇ ਦੱਸਿਆ ਕਿ ਇਹ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਕਿ ਉਸ ਨੇ ਅਤੇ ਉਸ ਦੀ ਪਤਨੀ ਨੇ ਲਾਇਫ ਜੈਕਟ ਨਹੀਂ ਪਹਿਨੀ ਸੀ ਅਤੇ ਇਸੇ ਕਾਰਨ ਉਨ੍ਹਾਂ ਨੂੰ ਇਕ-ਦੂਜੇ ਤੋਂ ਦੂਰ ਹੋਣਾ ਪਿਆ। ਉਸ ਨੇ ਕਿਹਾ ਕਿ ਜੇਕਰ ਉਹ ਇਸ ਗੱਲ ਨੂੰ ਧਿਆਨ 'ਚ ਰੱਖਦਾ ਤਾਂ ਅੱਜ ਜ਼ਿੰਦਗੀ ਅਜਿਹੀ ਨਾ ਹੁੰਦੀ ਅਤੇ ਉਸ ਦੀ ਪਿਆਰੀ ਪਤਨੀ ਉਸ ਦੇ ਨਾਲ ਹੀ ਹੁੰਦੀ। 

PunjabKesari
ਚਾਰਲਸ ਨੇ ਕਿਹਾ,''ਬਾਰਬਾਰਾ ਦੀ ਯਾਦ 'ਚ ਜਦ ਵੀ ਮੈਂ ਸੋਚਦਾ ਹਾਂ ਤਾਂ ਉਸ ਦੇ ਪਾਣੀ 'ਚ ਡੁੱਬਦੀ ਦਾ ਚਿਹਰਾ ਨਜ਼ਰ ਆਉਂਦਾ ਹੈ। ਮੈਂ ਰੋਜ਼ ਸੌਣ ਤੋਂ ਪਹਿਲਾਂ ਅਤੇ ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਮੈਨੂੰ ਡੁੱਬਦੀ ਹੋਈ ਕਿਸ਼ਤੀ ਅਤੇ ਉਸ ਦੇ ਪਿੱਛੇ ਡੁੱਬ ਰਹੀ ਬਾਰਬਾਰਾ ਦਾ ਦ੍ਰਿਸ਼ ਦੇਖਦਾ ਹਾਂ।'' ਉਸ ਨੇ ਕਿਹਾ ਕਿ ਉਹ ਉਸ ਨੂੰ ਕਦੇ ਭੁੱਲ ਨਹੀਂ ਸਕਦਾ। ਉਨ੍ਹਾਂ ਦਾ 40 ਸਾਲਾ ਦਾ ਰਿਸ਼ਤਾ ਕੁੱਝ ਪਲਾਂ 'ਚ ਖਤਮ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਦੁਨੀਆ ਘੁੰਮਣ ਦੀ ਖਵਾਇਸ਼ ਛੱਡ ਦਿੱਤੀ ਕਿਉਂਕਿ ਜੋ ਸੁਪਨਾ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਪੂਰਾ ਕਰਨਾ ਸੀ, ਹੁਣ ਉਸ ਦੀ ਗੈਰ-ਮੌਜੂਦਗੀ 'ਚ ਉਹ ਇਸ ਨੂੰ ਪੂਰਾ ਨਹੀਂ ਕਰੇਗਾ। 


Related News