ਹੰਟਿੰਗਟਨ ਝੀਲ ਨੇੜੇ ਇਕ ਹਫ਼ਤੇ ਤੋਂ ਲਾਪਤਾ ਹੋਏ 84 ਸਾਲਾ ਵਿਅਕਤੀ ਦੀ ਲਾਸ਼ ਹੋਈ ਬਰਾਮਦ
Tuesday, Apr 13, 2021 - 01:56 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਹੰਟਿੰਗਟਨ ਝੀਲ ਨੇੜੇ ਇਕ 84 ਸਾਲਾਂ ਵਿਅਕਤੀ ਜੋ ਕਿ ਪਿਛਲੇ ਹਫ਼ਤੇ ਯਾਨੀ ਕਿ 5 ਅਪ੍ਰੈਲ ਦੀ ਦੁਪਹਿਰ ਨੂੰ ਲਾਪਤਾ ਹੋਇਆ ਸੀ, ਦੀ ਲਾਸ਼ ਬਰਾਮਦ ਹੋਈ ਹੈ। ਇਹ ਲਾਪਤਾ ਹੋਇਆ ਯੌਰਬਾ ਲਿੰਡਾ ਦਾ 84 ਸਾਲਾ ਅਗੋਸਟੋ ਜੇਰਾਟੇ ਨਾਮ ਦਾ ਵਿਅਕਤੀ ਰੈਗਟਾ ਵਿਸਟਾ ਲੇਨ ਅਤੇ ਹੰਟਿੰਗਟਨ ਵਿਸਟਾ ਰੋਡ ਨੇੜੇ ਇਕ ਕੈਬਿਨ ਵਿਚ ਛੁੱਟੀਆਂ ਮਨਾ ਰਿਹਾ ਸੀ। ਜੇਰਾਟੇ ਦੀ ਲਾਸ਼ ਸ਼ਨੀਵਾਰ ਦੁਪਹਿਰ ਯਾਨੀ ਕਿ 10 ਅਪ੍ਰੈਲ ਨੂੰ ਝੀਲ ਦੇ ਪੂਰਬ ਵੱਲ ਇਕ ਜੰਗਲ ਵਾਲੇ ਖੇਤਰ ਵਿਚ ਸਰਚ ਟੀਮਾਂ ਵੱਲੋਂ ਪ੍ਰਾਪਤ ਕੀਤੀ ਗਈ।
ਇਸ ਵਿਅਕਤੀ ਨੂੰ ਆਖ਼ਰੀ ਵਾਰ 5 ਅਪ੍ਰੈਲ ਨੂੰ 2 ਤੋਂ 3 ਵਜੇ ਦੇ ਵਿਚਕਾਰ ਵੇਖਿਆ ਗਿਆ ਸੀ। ਇਸ ਲਾਪਤਾ ਹੋਏ ਵਿਅਕਤੀ ਦੀ ਮੌਤ ਦਾ ਕਾਰਨ ਨਿਰਧਾਰਤ ਕਰਨਾ ਬਾਕੀ ਹੈ ਪਰ ਸ਼ੈਰਿਫ ਦੇ ਦਫ਼ਤਰ ਅਨੁਸਾਰ, ਜਦੋਂ ਉਸ ਨੂੰ ਲੱਭਿਆ ਗਿਆ ਤਾਂ ਕੋਈ ਦੁਰਘਟਨਾ ਨਜ਼ਰ ਨਹੀਂ ਆਈ। ਜੇਰਾਟੇ ਦੀ ਭਾਲ ਲਈ ਖੋਜ ਅਤੇ ਬਚਾਅ ਟੀਮ ਦੇ ਤਕਰੀਬਨ 50 ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਵਿਚ ਕੈਨਨ, ਹੈਲੀਕਾਪਟਰ, ਡਰੋਨ ਅਤੇ ਜੀਪ ਵੀ ਸ਼ਾਮਲ ਸਨ।