ਪੁਤਿਨ ਦੀ ਨਵੀਂ ਚਾਲ, ਰੂਸੀ ਫੌਜ 'ਚ ਯਮਨ ਦੇ ਸੈਂਕੜੇ ਨੌਜਵਾਨ ਭਰਤੀ!
Tuesday, Nov 26, 2024 - 12:33 PM (IST)
ਮਾਸਕੋ: ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ 1000 ਤੋਂ ਉੱਪਰ ਦਿਨ ਬੀਤ ਚੁੱਕੇ ਹਨ। ਫਿਲਹਾਲ ਦੋਵਾਂ ਧਿਰਾਂ ਵਿਚੋਂ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਨਵੀਂ ਚਾਲ ਚੱਲੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸ ਨੇ ਕਥਿਤ ਤੌਰ 'ਤੇ ਯੂਕ੍ਰੇਨ ਵਿਰੁੱਧ ਲੜਨ ਲਈ ਯਮਨ ਤੋਂ ਸੈਂਕੜੇ ਲੋਕਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਹੈ। ਉਨ੍ਹਾਂ ਨੂੰ ਯੂਕ੍ਰੇਨ ਨਾਲ ਜੰਗ 'ਚ ਅਗਲੇ ਮੋਰਚਿਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ 'ਚ ਇਹ ਦੂਜੀ ਵਾਰ ਹੈ ਜਦੋਂ ਰੂਸ 'ਤੇ ਵਿਦੇਸ਼ੀ ਫੌਜੀਆਂ ਦੀ ਭਰਤੀ ਦਾ ਦੋਸ਼ ਲੱਗਾ ਹੈ। ਯੂਕ੍ਰੇਨ ਅਤੇ ਅਮਰੀਕਾ ਨੇ ਹਾਲ ਹੀ 'ਚ ਦੋਸ਼ ਲਗਾਇਆ ਸੀ ਕਿ ਰੂਸ ਨੇ ਉੱਤਰੀ ਕੋਰੀਆ ਦੇ 10 ਹਜ਼ਾਰ ਸੈਨਿਕਾਂ ਨੂੰ ਆਪਣੀ ਫੌਜ 'ਚ ਭਰਤੀ ਕੀਤਾ ਹੈ। ਹਾਲਾਂਕਿ ਰੂਸ ਅਤੇ ਕੋਰੀਆ ਨੇ ਇਸ ਦੋਸ਼ ਨੂੰ ਬੇਬੁਨਿਆਦ ਦੱਸਦਿਆਂ ਰੱਦ ਕੀਤਾ ਹੈ।
ਕੰਪਨੀ ਨੇ ਧੋਖੇ ਨਾਲ ਕੀਤੀ ਭਰਤੀ!
ਫਾਈਨੈਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਹੂਤੀ ਜਨਰਲ ਦੀ ਕੰਪਨੀ ਨੇ ਯਮਨ ਦੇ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਅਤੇ ਨਾਗਰਿਕਤਾ ਦੇ ਝੂਠੇ ਵਾਅਦੇ ਨਾਲ ਰੂਸ ਭੇਜਿਆ ਹੈ। ਅਲ ਜਬਰੀ ਜਨਰਲ ਟਰੇਡਿੰਗ ਐਂਡ ਇਨਵੈਸਟਮੈਂਟ ਕੰਪਨੀ ਐਸ.ਪੀ.ਸੀ ਨਾਮ ਦੀ ਇਸ ਓਮਾਨੀ ਕੰਪਨੀ ਨੇ ਇਨ੍ਹਾਂ ਯਮਨੀਆਂ ਨੂੰ ਭਰਤੀ ਕੀਤਾ ਸੀ। ਇਸ ਕੰਪਨੀ ਦਾ ਮਾਲਕ ਅਬਦੁਲਵਾਲੀ ਅਬਦੋ ਹਸਨ ਅਲ-ਜਬਰੀ ਹੈ, ਜੋ ਕਿ ਹੂਤੀ ਨੇਤਾ ਅਤੇ ਕਮਾਂਡਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦਾ ਖਤਰਾ, ਦੁਨੀਆ ਦੀਆਂ ਇਹ 10 ਥਾਵਾਂ ਹੋਣਗੀਆਂ ਸਭ ਤੋਂ ਸੁਰੱਖਿਅਤ
ਰਿਪੋਰਟ ਵਿੱਚ ਨਬੀਲ ਨਾਮ ਦੇ ਇੱਕ ਵਿਅਕਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੰਪਨੀ ਖ਼ੁਦ ਨੂੰ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਦੀ ਸਪਲਾਇਰ ਦੱਸਦੀ ਹੈ। ਕੰਪਨੀ ਨੇ ਲੋਕਾਂ ਨੂੰ ਸੁਰੱਖਿਆ ਅਤੇ ਇੰਜਨੀਅਰਿੰਗ ਖੇਤਰਾਂ ਵਿੱਚ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਭਰਤੀ ਕੀਤਾ। ਰੂਸ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਯੂਕ੍ਰੇਨ ਦੇ ਜੰਗਲਾਂ ਵਿੱਚ ਭੇਜਿਆ ਗਿਆ ਅਤੇ ਲੜਨ ਲਈ ਕਿਹਾ ਗਿਆ। ਸਤੰਬਰ ਵਿੱਚ ਭਰਤੀ ਕੀਤੇ ਗਏ 200 ਬੰਦਿਆਂ ਦੇ ਬੈਚ ਦਾ ਹਿੱਸਾ ਰਹੇ ਨਬੀਲ ਨੇ ਦੱਸਿਆ ਕਿ ਉਸਨੂੰ ਯੂਕ੍ਰੇਨ ਤੋਂ ਹੋਣ ਵਾਲੀ ਬੰਬਾਰੀ ਸਾਹਮਣੇ ਤਾਇਨਾਤ ਕੀਤਾ ਗਿਆ ਸੀ। ਇਹ ਲੋਕ ਰੂਸ ਵਿੱਚ ਬਾਰੂਦੀ ਸੁਰੰਗਾਂ ਅਤੇ ਬੰਕਰ ਪੁੱਟਣ ਲਈ ਵੀ ਵਰਤੇ ਗਏ ਸਨ। ਇਹ ਦਾਅਵਾ ਕੀਤਾ ਗਿਆ ਹੈ ਕਿ ਯਮਨ ਤੋਂ ਭਰਤੀ ਕੀਤੇ ਗਏ ਪੁਰਸ਼ਾਂ ਨੂੰ ਮੁਸ਼ਕਲ ਅਤੇ ਖਤਰਨਾਕ ਮੋਰਚਿਆਂ 'ਤੇ ਤਾਇਨਾਤ ਕੀਤਾ ਗਿਆ ਹੈ।
ਭਾਰਤ ਅਤੇ ਨੇਪਾਲ ਦੇ ਨੌਜਵਾਨਾਂ ਦੀ ਵੀ ਭਰਤੀ
ਰੂਸ ਨੇ ਯੂਕ੍ਰੇਨ ਵਿਰੁੱਧ ਆਪਣੀ ਜੰਗ ਵਿੱਚ ਲੜਨ ਲਈ ਲਗਾਤਾਰ ਵਿਦੇਸ਼ੀ ਲੜਾਕਿਆਂ ਦੀ ਭਰਤੀ ਕੀਤੀ ਹੈ। ਯਮਨ ਦੇ ਨਾਗਰਿਕ ਸੂਚੀ ਵਿੱਚ ਸਭ ਤੋਂ ਨਵਾਂ ਜੋੜ ਹਨ। ਰੂਸ ਨੇ ਉੱਤਰੀ ਕੋਰੀਆ ਦੇ 10,000 ਸੈਨਿਕਾਂ ਨੂੰ ਵੀ ਤਾਇਨਾਤ ਕੀਤਾ ਹੈ। ਇਸ ਤੋਂ ਪਹਿਲਾਂ ਰੂਸ ਵੱਲੋਂ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਵੀ ਭਰਤੀ ਕੀਤਾ ਗਿਆ ਸੀ। ਨੇਪਾਲ ਅਤੇ ਭਾਰਤ ਦੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਨੌਕਰੀਆਂ ਵੀ ਦਿੱਤੀਆਂ ਗਈਆਂ ਅਤੇ ਫਿਰ ਉਨ੍ਹਾਂ ਨੂੰ ਯੂਕ੍ਰੇਨ ਵਿਰੁੱਧ ਲੜਨ ਲਈ ਮਜਬੂਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।