ਗਲਾਸਗੋ ਲਾਈਫ ਕਮਿਊਨਿਟੀ ਸਥਾਨਾਂ ਨੂੰ ਬੰਦ ਕਰਨ ਦੇ ਵਿਰੋਧ ''ਚ ਸੈਂਕੜੇ ਲੋਕਾਂ ਨੇ ਕੀਤਾ ਪ੍ਰਦਰਸ਼ਨ
Sunday, Aug 01, 2021 - 12:45 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਸ਼ਨੀਵਾਰ ਨੂੰ ਸੈਂਕੜੇ ਲੋਕ ਸ਼ਹਿਰ ਵਿਚਲੇ ਕਈ ਗਲਾਸਗੋ ਲਾਈਫ ਪਬਲਿਕ ਸਥਾਨਾਂ ਦੇ ਲਗਾਤਾਰ ਬੰਦ ਹੋਣ ਦਾ ਵਿਰੋਧ ਕਰਨ ਲਈ ਗਲਾਸਗੋ ਸਿਟੀ ਸੈਂਟਰ ਵਿੱਚ ਇਕੱਠੇ ਹੋਏ। ਇਹਨਾਂ ਲੋਕਾਂ ਨੇ ਸ਼ਹਿਰ ਵਿੱਚ ਦਰਜਨਾਂ ਮਹੱਤਵਪੂਰਨ ਜਨਤਕ ਸਹੂਲਤਾਂ ਨੂੰ ਮੁੜ ਖੋਲ੍ਹਣ ਲਈ ਕੈਥਡ੍ਰਲ ਚੌਕ ਵਿੱਚ ਪ੍ਰਦਰਸ਼ਨ ਕੀਤਾ।
'ਗਲਾਸਗੋ ਅਗੇਂਸਟ ਕਲੋਜ਼ਰ' ਦੇ ਆਰਗੇਨਾਈਜ਼ਰ ਜਿਮ ਮੋਨਾਘਨ ਅਨੁਸਾਰ ਗਲਾਸਗੋ ਲਾਈਫ ਦੇ ਸਾਰੇ ਸਥਾਨ ਸ਼ਹਿਰ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਵੇਲੇ ਗਲਾਸਗੋ 'ਚ ਅਜਾਇਬ ਘਰ, ਗੈਲਰੀਆਂ, ਲਾਇਬ੍ਰੇਰੀਆਂ, ਖੇਡ ਸਹੂਲਤਾਂ ਆਦਿ ਨੂੰ ਵਾਧੂ ਮੰਨਿਆ ਜਾਂਦਾ ਹੈ। ਗਲਾਸਗੋ ਲਾਈਫ ਇੱਕ ਅਜਿਹੀ ਸੰਸਥਾ ਹੈ ਜੋ ਕਿ ਸਿਟੀ ਕੌਂਸਲ ਲਈ ਮਨੋਰੰਜਨ ਅਤੇ ਸਭਿਆਚਾਰਕ ਸਥਾਨਾਂ ਨੂੰ ਚਲਾਉਂਦੀ ਹੈ ਪਰ ਕੋਵਿਡ-19 ਪਾਬੰਦੀਆਂ ਦੇ ਨਤੀਜੇ ਵਜੋਂ ਇਸਦਾ 38 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਜਨਤਕ ਸਥਾਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ -ਵੇਲਜ਼ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਖੁੱਲ੍ਹੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ
ਗਲਾਸਗੋ ਦੀਆਂ ਲਗਭਗ 80 ਸਹੂਲਤਾਂ ਬੰਦ ਹਨ ਪਰ ਕੌਂਸਲ ਦੁਆਰਾ 100 ਮਿਲੀਅਨ ਪੌਂਡ ਦੀ ਗਰੰਟੀ ਤੋਂ ਬਾਅਦ 90 ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸਤੋਂ ਪਹਿਲਾਂ ਗਲਾਸਗੋ ਲਾਈਫ 500 ਨੌਕਰੀਆਂ ਵਿੱਚ ਕਟੌਤੀ ਕਰਨ ਦੀ ਯੋਜਨਾ ਵੀ ਬਣਾਈ ਸੀ, ਜਿਸ ਕਰਕੇ ਕਈ ਯੂਨੀਅਨਾਂ ਨੇ ਗਲਾਸਗੋ ਦੇ ਸਾਰੇ ਐੱਮ ਐੱਸ ਪੀਜ਼ ਅਤੇ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜਿਆ ਅਤੇ ਗਲਾਸਗੋ ਲਾਈਫ ਵਿੱਚ ਨੌਕਰੀਆਂ ਦੀ ਸੰਭਾਵਤ ਕਟੌਤੀ ਅਤੇ ਚੱਲ ਰਹੇ ਬੰਦਾਂ ਬਾਰੇ ਸ਼ਿਕਾਇਤ ਦਰਜ ਕਰਵਾਈ। ਗਲਾਸਗੋ ਦੀਆਂ ਟਰੇਡ ਯੂਨੀਅਨਾਂ ਸਾਰੀਆਂ ਮੌਜੂਦਾ ਗਲਾਸਗੋ ਲਾਈਫ ਸੇਵਾਵਾਂ ਅਤੇ ਨੌਕਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੱਕ ਉਚਿਤ ਯੋਜਨਾ ਦੀ ਮੰਗ ਕਰ ਰਹੀਆਂ ਹਨ।