ਖੋਜ ’ਚ ਵੱਡਾ ਦਾਅਵਾ, 130 ਸਾਲ ਤੱਕ ਜੀਅ ਸਕੇਗਾ ਇਨਸਾਨ, ਜਾਣੋ ਕਿਵੇਂ

Wednesday, Jul 07, 2021 - 09:47 AM (IST)

ਵਾਸ਼ਿੰਗਟਨ/ਨਵੀਂ ਦਿੱਲੀ (ਵਿਸ਼ੇਸ਼) : ਤਣਾਅ ਤੇ ਵਧਦੀਆਂ ਬੀਮਾਰੀਆਂ ਇਨਸਾਨ ਦੀ ਉਮਰ ਘੱਟ ਕਰ ਦਿੰਦੀਆਂ ਹਨ ਪਰ ਹੁਣੇ ਜਿਹੇ ਕੀਤੀ ਗਈ ਇਕ ਖੋਜ ਵਿਚ ਦਾਅਵਾ ਕੀਤਾ ਗਿਆ ਹੈ, ਜੋ ਕਾਫੀ ਹੈਰਾਨ ਕਰਨ ਵਾਲਾ ਹੈ। ਇਨਸਾਨ ਦੀ ਔਸਤ ਉਮਰ ਸਬੰਧੀ ਹੋਈ ਬਾਯੇਸੀਅਨ ਸਿਧਾਂਤ ’ਤੇ ਆਧਾਰਤ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਇਨਸਾਨ ਦੀ ਉਮਰ ਵਧੇਗੀ ਅਤੇ ਉਹ ਲਗਭਗ 130 ਸਾਲ ਤਕ ਜੀਅ ਸਕੇਗਾ। ਇੰਨਾ ਹੀ ਨਹੀਂ, ਬੀਤੇ ਇਕ ਦਹਾਕੇ ਵਿਚ ਲੰਮੀ ਉਮਰ ਵਾਲਿਆਂ ਦੀ ਗਿਣਤੀ ਵਧੀ ਹੈ। ਇਹ ਦਾਅਵਾ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਾਂਖਿਅਕੀ ਮਾਹਿਰ ਅਤੇ ਇਸ ਖੋਜ ਦੇ ਪ੍ਰਮੁੱਖ ਲੇਖਕ ਮਾਈਕਲ ਪੀਅਰਸ ਨੇ ਕੀਤਾ ਹੈ। ਇਹ ਗਣਨਾ ਜਰਮਨੀ ਵਿਚ ਮੈਕਸ ਪਲੈਂਕ ਸੰਸਥਾਨ ਵਲੋਂ ਲੰਮੀ ਉਮਰ ’ਤੇ ਬਣਾਏ ਗਏ ਇੰਟਰਨੈਸ਼ਨਲ ਡਾਟਾਬੇਸ ਦੀ ਵਰਤੋਂ ਕਰ ਕੇ ਕੀਤੀ ਗਈ ਹੈ। ਖੋਜ ਵਿਚ ਕੈਨੇਡਾ, ਜਾਪਾਨ ਤੇ ਸੰਯੁਕਤ ਰਾਜ ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ ਸਮੇਤ 10 ਯੂਰਪੀ ਦੇਸ਼ਾਂ ਦੇ ਸੁਪਰਸੈਂਟੇਨੇਰੀਅਨ ਨੂੰ ਟ੍ਰੈਕ ਕੀਤਾ ਗਿਆ। ਖੋਜੀਆਂ ਨੇ 2020 ਤੋਂ 2100 ਤਕ ਸਾਰੇ 13 ਦੇਸ਼ਾਂ ਵਿਚ ਮੌਤ ਦੀ ਵੱਧ ਤੋਂ ਵੱਧ ਉਮਰ ਦੇ ਅਨੁਮਾਨਾਂ ’ਤੇ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ

ਖੋਜ ਦੱਸਦੀ ਹੈ ਕਿ ਅੱਜ ਵੀ ਅਜਿਹੇ ਲੋਕ ਹਨ ਜੋ 130 ਸਾਲ ਤਕ ਜ਼ਿੰਦਾ ਰਹਿਣਗੇ। ਹੁਣੇ ਜਿਹੇ ਬੇਹੱਦ ਬਜ਼ੁਰਗ ਵਿਅਕਤੀਆਂ ਦੇ ਇਕ ਵਿਸ਼ੇਸ਼ ਸਮੂਹ ’ਤੇ ਖੋਜ ਕੀਤੀ ਗਈ ਹੈ, ਜਿਸ ਵਿਚ ਸੁਪਰਸੈਂਟੇਨੇਰੀਅਨ (100 ਸਾਲ ਤੋਂ ਵੱਧ ਜਿਊਣ ਵਾਲੇ ਲੋਕ) ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਕਾਫੀ ਲੋਕ ਇਸ ਉਮਰ ਵਰਗ ਦੇ ਸਮੂਹ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਦੁਨੀਆ ਵਿਚ ਲੋਕਾਂ ਦੀ ਔਸਤ ਉਮਰ ਵਧ ਰਹੀ ਹੈ। ਬਾਯੇਸੀਅਨ ਸਿਧਾਂਤ ’ਤੇ ਹੋਈ ਖੋਜ ਵਿਚ ਸੰਭਾਵਨਾਵਾਂ ਦੇ ਆਧਾਰ ’ਤੇ ਨਤੀਜਾ ਕੱਢਿਆ ਜਾਂਦਾ ਹੈ। ਖੋਜ ਅਨੁਸਾਰ ਸਾਲ 2100 ਤਕ ਕਿਤੇ ਵੀ ਰਹਿਣ ਵਾਲੇ ਘੱਟੋ-ਘੱਟ ਇਕ ਵਿਅਕਤੀ ਦੀ ਉਮਰ 125 ਤੇ 132 ਸਾਲ ਹੋਣ ਦੀ ਵੱਡੀ ਸੰਭਾਵਨਾ ਦਿਖਾਈ ਗਈ ਹੈ। ਸਭ ਤੋਂ ਵਡੇਰੀ ਉਮਰ ਦੇ ਵਿਅਕਤੀ ਦਾ ਵਿਸ਼ਵ ਰਿਕਾਰਡ ਇਸ ਵੇਲੇ ਫਰਾਂਸ ਦੇ ਜੀਨ ਕੈਲਮੈਂਟ ਕੋਲ ਹੈ, ਜੋ 1997 ਵਿਚ ਮੌਤ ਵੇਲੇ 122 ਸਾਲ ਤੇ 164 ਦਿਨ ਦੇ ਸਨ। ਹਾਲਾਂਕਿ ਉਨ੍ਹਾਂ ਦੇ ਦਾਅਵੇ ਨੂੰ ਕੁਝ ਲੋਕਾਂ ਨੇ ਚੁਣੌਤੀ ਦਿੱਤੀ ਹੈ।

ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ

600 ਲੋਕ ਪਹੁੰਚ ਚੁੱਕੇ ਹਨ 110 ਤੋਂ 120 ਸਾਲ ਦੀ ਉਮਰ ਤਕ
ਖੋਜੀਆਂ ਨੂੰ ਯਕੀਨ ਹੈ ਕਿ ਉਨ੍ਹਾਂ ਦਾ ਰਿਕਾਰਡ ਜਲਦੀ ਹੀ ਟੁੱਟ ਜਾਵੇਗਾ। ਇਸੇ ਤਰ੍ਹਾਂ ਅੱਜ ਸਭ ਤੋਂ ਵਡੇਰੀ ਉਮਰ ਦੀ ਜ਼ਿੰਦਾ ਇਨਸਾਨ 118 ਸਾਲਾ ਕੇਨ ਤਨਾਕਾ ਹੈ। ਵਾਸ਼ਿੰਗਟਨ ਯੂਨੀਵਰਸਿਟੀ ਦੇ ਇਕ ਸਾਂਖਿਅਕੀ ਮਾਹਿਰ ਤੇ ਪ੍ਰਮੁੱਖ ਲੇਖਕ ਮਾਈਕਲ ਪੀਅਰਸ ਨੇ ਦੱਸਿਆ ਕਿ ਅੱਜ ਦੁਨੀਆ ਭਰ ਵਿਚ ਲਗਭਗ 10 ਲੱਖ ਲੋਕ 100 ਸਾਲ ਪੂਰੇ ਕਰ ਚੁੱਕੇ ਹਨ। 600 ਲੋਕ 100 ਸਾਲ ਤੋਂ ਉੱਪਰ 110 ਜਾਂ 120 ਦੀ ਉਮਰ ਵਿਚ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦਾ ਨਤੀਜਾ ਤੇ ਸਾਡਾ ਅਨੁਮਾਨ ਦੱਸਦਾ ਹੈ ਕਿ ਇਹ ਗਿਣਤੀ ਹੌਲੀ-ਹੌਲੀ ਵਧਦੀ ਰਹੇਗੀ। ਸਦੀ ਦੇ ਅਖੀਰ ਤਕ 125 ਸਾਲ ਜਾਂ 130 ਸਾਲ ਦੀ ਉਮਰ ਸੰਭਵ ਹੈ।

ਇਹ ਵੀ ਪੜ੍ਹੋ: PM ਸ਼ੇਖ ਹਸੀਨਾ ਨੇ ਮੋਦੀ ਨੂੰ ਤੋਹਫ਼ੇ ’ਚ ਭੇਜੇ 2600 ਕਿਲੋਗ੍ਰਾਮ ਅੰਬ, ਜਾਣੋ ਕੀ ਹੈ ਖ਼ਾਸੀਅਤ

ਲੰਮੀ ਉਮਰ ਦਾ ਭੇਤ ਹੈ ਚੰਗਾ ਭੋਜਨ ਤੇ ਸਿਹਤ ਦੀ ਦੇਖਭਾਲ
ਇਸ ਖੋਜ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਇਨਸਾਨ ਲੰਮੀ ਉਮਰ ਨੂੰ ਕਿਵੇਂ ਹਾਸਲ ਕਰ ਸਕਦਾ ਹੈ। ਇਸ ਦਾ ਜਵਾਬ ਹੈ ਚੰਗਾ ਭੋਜਨ ਅਤੇ ਸਿਹਤ ਦੇਖਭਾਲ ਦੀਆਂ ਬਿਹਤਰ ਸਹੂਲਤਾਂ। ਦੁਨੀਆ ਭਰ ਦੀ ਔਸਤ ਉਮਰ 1990 ਦੇ ਦਹਾਕੇ ਦੇ ਮੁਕਾਬਲੇ ਵਧ ਗਈ ਹੈ। ਅਮੀਰ ਦੇਸ਼ਾਂ ਵਿਚ ਦਿਲ ਦੀ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟ ਗਈ ਹੈ। ਸਿਹਤ ਸਹੂਲਤਾਂ ਬਿਹਤਰ ਹੋਈਆਂ ਹਨ। ਸਾਫ-ਸਫਾਈ ਬਿਹਤਰ ਹੋਈ ਹੈ ਅਤੇ ਬੀਮਾਰੀਆਂ ਦੇ ਇਲਾਜ ਲਈ ਨਵੀਆਂ-ਨਵੀਆਂ ਦਵਾਈਆਂ ਤੇ ਤਕਨੀਕੀ ਈਜਾਦ ਕੀਤੀਆਂ ਗਈਆਂ ਹਨ। ਇਸ ਨਾਲ ਇਨਸਾਨ ਦੀ ਔਸਤ ਉਮਰ ਵਧ ਗਈ ਹੈ ਅਤੇ ਸਿਹਤਮੰਦ ਜੀਵਨ ਦੇ ਸਾਲ ਵੀ ਵਧ ਗਏ ਹਨ।

ਇਹ ਵੀ ਪੜ੍ਹੋ: ਹੁਣ ਚੀਨ ’ਚ ਮਨੁੱਖ ਰਹਿਤ ਮਸ਼ੀਨਾਂ ਕਰਨਗੀਆਂ ਖੇਤੀ, ਨੌਜਵਾਨਾਂ ਦੀ ਘਟਦੀ ਦਿਲਚਸਪੀ ਦੇਖ ਅਪਣਾਈ ਇਹ ਤਕਨੀਕ

ਮੱਧ ਅਮਰੀਕੀ ਦੇਸ਼ ਕੋਸਟਾਰਿਕਾ ਦਾ ਨਿਕੋਯਾ, ਇਟਲੀ ਦਾ ਸਾਰਡੀਨੀਆ, ਯੂਨਾਨ ਦਾ ਇਕਾਰੀਆ, ਜਾਪਾਨ ਦਾ ਓਕੀਨਾਵਾ ਅਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦਾ ਲੋਂਬਾ ਲਿੰਡਾ–ਇਹ ਦੁਨੀਆ ਦੇ ਉਹ 6 ਇਲਾਕੇ ਹਨ, ਜਿਨ੍ਹਾਂ ਨੂੰ ਵਿਗਿਆਨੀ ‘ਬਲੂ ਜ਼ੋਨ’ ਕਹਿੰਦੇ ਹਨ। ਇੱਥੇ ਰਹਿਣ ਵਾਲਿਆਂ ਦੀ ਔਸਤ ਉਮਰ ਬਾਕੀ ਦੁਨੀਆ ਨਾਲੋਂ ਕਿਤੇ ਵੱਧ ਹੈ। ਇਨ੍ਹਾਂ 6 ਥਾਵਾਂ ’ਤੇ ਰਹਿਣ ਵਾਲਿਆਂ ਦੇ 100 ਸਾਲ ਦੀ ਉਮਰ ਤਕ ਪਹੁੰਚਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬਲੂ ਜ਼ੋਨ ਵਿਚ ਰਹਿਣ ਵਾਲੇ ਲੋਕ ਘੱਟ ਖਾਂਦੇ ਹਨ। ਜਿਵੇਂ ਜਾਪਾਨ ਦੇ ਓਕੀਨਾਵਾ ਵਿਚ ਲੋਕ 80 ਫੀਸਦੀ ਪੇਟ ਭਰਨ ਤੋਂ ਬਾਅਦ ਖਾਣਾ ਬੰਦ ਕਰ ਦਿੰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਅਸੀਂ 10 ਫੀਸਦੀ ਕੈਲੋਰੀ ਘੱਟ ਲੈਂਦੇ ਹਾਂ ਤਾਂ ਇਸ ਨਾਲ ਉਮਰ ਵਧਣ ਦੀ ਰਫਤਾਰ ਘਟ ਜਾਂਦੀ ਹੈ। ਦੂਜੀ ਗੱਲ ਇਨ੍ਹਾਂ ਥਾਵਾਂ ’ਤੇ ਰਹਿਣ ਵਾਲੇ ਲੋਕ ਸ਼ਾਕਾਹਾਰੀ ਭੋਜਨ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਵੀ ਉਨ੍ਹਾਂ ਦੇ ਮੈਟਾਬੋਲਿਜ਼ਮ ਭਾਵ ਖਾਣਾ ਪਚਾਉਣ ਦੀ ਸਮਰੱਥਾ ’ਤੇ ਚੰਗਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ: UK ਵਾਸੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਮਾਸਕ ਲਗਾਉਣਾ ਜਾਂ ਨਹੀਂ ਤੁਹਾਡੀ ਮਰਜੀ 'ਤੇ ਕਰੇਗਾ ਨਿਰਭਰ

ਪਾਜ਼ੇਟਿਵ ਸੋਚ : ਦਿ ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਅਧਿਐਨ ਅਨੁਸਾਰ ਪਾਜ਼ੇਟਿਵ ਸੋਚ ਨਾਲ ਜਿਊਣ ਵਾਲੇ ਲੋਕਾਂ ਦੀ ਉਮਰ ਵੱਧ ਹੁੰਦੀ ਹੈ। ਯੂ. ਕੇ. ਦੇ ਡਾ. ਲੇਵਿਨ ਦਾ ਕਹਿਣਾ ਹੈ ਕਿ ਆਸ਼ਾਵਾਦੀ ਸੋਚ ਇਨਸਾਨ ਦੀ ਜੀਵਨ ਰੇਖਾ ਲੰਮੀ ਕਰ ਸਕਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News