ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ ''ਚ ਲੱਗਣਗੀਆਂ ਰੌਣਕਾਂ
Wednesday, Jan 28, 2026 - 09:26 PM (IST)
ਰੋਮ (ਦਲਵੀਰ ਸਿੰਘ ਕੈਂਥ) : ਸਾਰੀ ਜ਼ਿੰਦਗੀ ਗਰੀਬਾਂ, ਮਜ਼ਲੂਮਾਂ ਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਖਾਤਿਰ ਤਰਕ ਦੇ ਆਧਾਰ 'ਤੇ ਇਲਾਹੀ ਬਾਣੀ ਰਾਹੀ ਹੱਕ ਤੇ ਸੱਚ ਦਾ ਸੰਖ ਵਜਾ ਸਾਂਝੀਵਾਲਤਾ ਦਾ ਝੰਡਾ ਬੁਲੰਦ ਕਰਨ ਵਾਲੇ ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਵਿੱਚ ਵਿਸ਼ੇਸ਼ ਨਗਰ ਕੀਰਤਨ ਤੇ ਵਿਸ਼ਾਲ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਬਹੁਤ ਜ਼ਿਆਦਾ ਸ਼ਰਧਾ ਤੇ ਉਤਸ਼ਾਹਪੂਰਵਕ ਕਰਵਾਏ ਜਾ ਰਹੇ ਹਨ। ਇਟਲੀ ਵੀ ਇਸ ਪੱਵਿਤਰ ਦਿਹਾੜੇ ਮੌਕੇ ਸੰਗਤਾਂ ਵੱਲੋਂ ਸਤਿਗੁਰੂ ਦੇ ਨਾਮ ਵਿੱਚ ਰੰਗੀ ਨਜ਼ਰੀ ਆਵੇਗਾ।

ਇਸ ਮੌਕੇ 1 ਫਰਵਰੀ ਦਿਨ ਐਤਵਾਰ ਨੂੰ ਇਟਲੀ ਦੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਦੀ ਜਿੱਥੇ ਵਿਸ਼ੇਸ਼ ਦੀਪਮਾਲਾ ਕਰਨਗੀਆਂ ਉੱਥੇ ਸੰਗਤਾਂ ਦੇ ਵੱਡੇ ਹਜ਼ੂਮ ਵੱਲੋਂ ਭਾਰੀ ਰੌਣਕਾਂ ਦੇਖਣ ਨੂੰ ਮਿਲਣਗੀਆਂ।

ਇਸ ਭਾਗਾਂ ਵਾਲੇ ਦਿਨ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ, ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਰੋਮ, ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ ਬੈਰਗਾਮੋ, ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ, ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ), ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਕਿਓ ਮਾਜੋਰੇ ਵਿਚੈਂਸਾ ਆਦਿ ਅਸਥਾਨਾਂ ਉਪਰ ਵਿਸ਼ਾਲ ਗੁਰਮਤਿ ਸਮਾਗਮਾਂ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਦੀਵੇ ਨਾਲ ਵੱਖ-ਵੱਖ ਪ੍ਰਸਿੱਧ ਕੀਰਤਨੀਏ,ਰਾਗੀ,ਪ੍ਰਚਾਰ ਤੇ ਕਥਾ ਵਾਚਕ ਸੰਗਤਾਂ ਰੁਸ਼ਨਾਉਣਗੇ।

ਜੱਥਿਆਂ ਵਿੱਚ ਜਰਮਨ ਤੋਂ ਭਾਈ ਲਖਵਿੰਦਰ ਸਿੰਘ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਕਿਓ ਮਾਜੋਰੇ ਵਿਚੈਂਸਾ ਵਿਖੇ ਭਾਈ ਰਣਜੀਤ ਸਿੰਘ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵਿਖੇ ,ਕੀਰਤਨੀ ਜੱਥਾ ਚੌਹਾਨ ਬ੍ਰਾਦਰਜ਼ ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ ਵਿਖੇ, ਇਟਲੀ ਦੇ ਚਰਚਿਤ ਮਿਸ਼ਨਰੀ ਗਾਇਕ ਸੋਢੀ ਮੱਲ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮੋ) ਵਿਖੇ, ਗਿਆਨੀ ਭਗਤ ਸਿੰਘ ਗੁਰਦਾਸਪੁਰ ਵਾਲਿਆਂ ਦਾ ਕਵੀਸ਼ਰ ਜੱਥਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਰੋਮ ਵਿਖੇ ਤੇ ਭਾਈ ਮਨਜੀਤ ਸਿੰਘ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ) ਵਿਖੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਦਾ ਗੁਣਗਾਨ ਸਰਵਣ ਕਰਵਾਉਣਗੇ।


