ਕੋਰੋਨਾਵਾਇਰਸ: ਵੁਹਾਨ ''ਚ ਡਾਕਟਰਾਂ ਦੀ ਹਾਲਤ ਖਰਾਬ, ਡਾਈਪਰ ਪਾ ਕਰਨਾ ਪੈ ਰਿਹਾ ਕੰਮ

02/12/2020 4:44:42 PM

ਬੀਜਿੰਗ- ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਬੇਹੱਦ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਵਾਇਰਸ ਦਾ ਮੁਕਾਬਲਾ ਕਰਨ ਵਾਲੇ ਮੈਡੀਕਲ ਮਾਹਰਾਂ ਕੋਲ ਹੀ ਮਾਸਕ ਤੇ ਸੁਰੱਖਿਆ ਦੇ ਹੋਰ ਸਾਜ਼ੋ-ਸਾਮਾਨ ਦੀ ਭਿਆਨਕ ਕਿੱਲਤ ਹੈ। ਵੁਹਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਇਸ ਤਰ੍ਹਾਂ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕਿ ਹਰ ਹਫਤੇ ਹਜ਼ਾਰਾਂ ਲੋਕ ਇਸ ਨਾਲ ਪੀੜਤ ਹੋ ਰਹੇ ਹਨ। ਇੰਨੀਂ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਘੱਟ ਹੈ। ਹਾਲਾਤ ਇਹ ਹਨ ਕਿ ਉਹਨਾਂ ਨੂੰ ਸੁਰੱਖਿਆ ਸੂਟ ਬਚਾਉਣ ਲਈ ਡਾਈਪਰ ਪਾ ਕੇ ਕੰਮ ਕਰਨਾ ਪੈ ਰਿਹਾ ਹੈ।

ਦਿਨ ਰਾਤ ਕੰਮ ਕਰ ਰਹੇ ਡਾਕਟਰ ਥੱਕੇ ਹੋਏ ਹਨ। ਹਾਲਾਤ ਇਹ ਹਨ ਕਿ ਕਈ ਡਾਕਟਰ ਤਾਂ ਬਿਨਾਂ ਸਹੀ ਮਾਸਕ ਤੇ ਸੁਰੱਖਿਆ ਸੂਟ ਦੇ ਹੀ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੁਝ ਨੇ ਤਾਂ ਡਾਇਪਰ ਪਾਏ ਹੋਏ ਹਨ ਤਾਂਕਿ ਸੁਰੱਖਿਆ ਸੂਟਾਂ ਨੂੰ ਲਾਹੁਣਾ ਨਾ ਪਵੇ ਤੇ ਇਹਨਾਂ ਦਾ ਲੰਬੇ ਸਮੇਂ ਤੱਕ ਇਸਤੇਮਾਲ ਕੀਤਾ ਜਾ ਸਕੇ। ਵੁਹਾਨ ਦੇ ਇਕ ਕਲੀਨਿਕ ਦੇ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਤੇ ਹੋਰ 16 ਸਹਿਯੋਗੀਆਂ ਵਿਚ ਕੋਰੋਨਾਵਾਇਰਸ ਦੇ ਲੱਛਣ ਹਨ। ਇਹਨਾਂ ਵਿਚ ਫੇਫੜੇ ਦਾ ਇਨਫੈਕਸ਼ਨ ਤੇ ਖੰਘ ਸ਼ਾਮਲ ਹੈ। ਉਹਨਾਂ ਨੇ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਇਕ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਅਸੀਂ ਇਨਫੈਕਸ਼ਨ ਦਾ ਸਰੋਤ ਬਣ ਕੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਇਥੇ ਸਾਡੀ ਥਾਂ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਮੈਡੀਕਲ ਕਰਮਚਾਰੀ ਕੰਮ ਕਰਦੇ ਰਹਿਣਗੇ।

ਪਿਛਲੇ ਸ਼ੁੱਕਰਵਾਰ ਨੂੰ ਵੁਹਾਨ ਸ਼ਹਿਰ ਦੇ ਡਿਪਟੀ ਮੇਅਰ ਨੇ ਕਿਹਾ ਸੀ ਕਿ ਸ਼ਹਿਰ ਵਿਚ ਰੋਜ਼ਾਨਾ ਦੇ ਹਿਸਾਬ ਨਾਲ 56 ਹਜ਼ਾਰ ਐਨ.95 ਮਾਸਕ ਤੇ 41 ਹਜ਼ਾਰ ਰੱਖਿਆਤਮਕ ਸੂਟਾਂ ਦੀ ਕਮੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਰੱਖਿਆਤਮਕ ਸੂਟ ਪਾਉਣ ਵਾਲੇ ਮੈਡੀਕਲ ਕਰਮਚਾਰੀ ਡਾਈਪਰ ਪਾ ਕੇ, ਘੱਟ ਪਾਣੀ ਪੀ ਕੇ ਤੇ ਪਖਾਨਿਆਂ ਦੀ ਵਰਤੋਂ ਘੱਟ ਕਰਨ। ਉਹਨਾਂ ਕਿਹਾ ਸੀ ਕਿ ਉਹ ਰੱਖਿਆਤਮਕ ਸੂਟ 6 ਤੋਂ 9 ਘੰਟੇ ਤੱਕ ਪਾਉਣਗੇ। ਜਦਕਿ ਮਰੀਜ਼ਾਂ ਦੇ ਵੱਖਰੇ ਵਾਰਡ ਵਿਚ ਵੀ ਉਹਨਾਂ ਨੂੰ ਇਸ ਨੂੰ 4 ਘੰਟੇ ਬਾਅਦ ਬਦਲਣਾ ਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਉਪਾਵਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਪਰ ਮੈਡੀਕਲ ਕਰਮਚਾਰੀਆਂ ਦੇ ਕੋਲ ਹੋਰ ਕੋਈ ਬਦਲ ਨਹੀਂ ਹੈ। ਹਾਲਾਤ ਇਹ ਹਨ ਕਿ ਮੈਡੀਕਲ ਕਰਮਚਾਰੀ ਪੰਜ-ਪੰਜ ਦਿਨ ਤੱਕ ਇਕੋ ਸੂਟ ਪਾ ਰਹੇ ਹਨ। 


Baljit Singh

Content Editor

Related News