ਹੂਤੀ ਬਾਗੀਆਂ ਨੇ ਸਾਊਦੀ ਦੇ ਏਅਰਪੋਰਟ ਅਤੇ ਅਰਾਮਕੋ ਨੂੰ ਬਣਾਇਆ ਨਿਸ਼ਾਨਾ
Friday, Aug 21, 2026 - 04:14 AM (IST)
ਤਹਿਰਾਨ - ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਦੱਖਣੀ ਸਾਊਦੀ ਅਰਬ ਵਿਚ 2 ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਨਜਰਾਨ ਹਵਾਈ ਅੱਡੇ ਅਤੇ ਰਾਜ ਦੀ ਤੇਲ ਕੰਪਨੀ ‘ਅਰਾਮਕੋ’ ਨਾਲ ਜੁੜੇ ਇਕ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਹੂਤੀ ਫੌਜੀ ਬੁਲਾਰੇ ਯਾਹੀਆ ਸਰੀ ਨੇ ਦੱਸਿਆ ਕਿ ਸਮੂਹ ਨੇ ਡਰੋਨਾਂ ਦੀ ਵਰਤੋਂ ਕਰ ਕੇ ਇਹ ਹਮਲੇ ਕੀਤੇ। ਉਨ੍ਹਾਂ ਹਵਾਈ ਅੱਡੇ ਨੂੰ ਸਾਊਦੀ ਅਰਬ ਦਾ ‘ਸੰਵੇਦਨਸ਼ੀਲ’ ਫੌਜੀ ਨਿਸ਼ਾਨਾ ਦੱਸਿਆ ਅਤੇ ਕਿਹਾ ਕਿ ਦੂਜਾ ਹਮਲਾ ਯਮਨ ਸਰਹੱਦ ਦੇ ਕੋਲ ਨਜਰਾਨ ਵਿਚ ਸਥਿਤ ਅਰਾਮਕੋ ਪਲਾਂਟ ’ਤੇ ਕੀਤਾ ਗਿਆ।
ਇਹ ਦਾਅਵੇ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੌਰਪਸ (ਆਈ. ਆਰ. ਜੀ. ਸੀ.) ਦੀ ਚਿਤਾਵਨੀ ਦੇ ਕੁਝ ਘੰਟਿਆਂ ਬਾਅਦ ਆਏ ਹਨ। ਆਈ. ਆਰ. ਜੀ. ਸੀ. ਨੇ ਕਿਹਾ ਸੀ ਕਿ ਜੇਕਰ ਹੂਤੀ ਆਪਣੇ ਹਮਲਿਆਂ ਦਾ ਵਿਸਤਾਰ ਜਾਰੀ ਰੱਖਦੇ ਹਨ ਤਾਂ ਸਾਊਦੀ ਅਰਬ ਲਈ ਉਨ੍ਹਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗਾ।
ਸਾਊਦੀ ਅਧਿਕਾਰੀਆਂ ਵਲੋਂ ਇਨ੍ਹਾਂ ਦਾਅਵਿਆਂ ਦੀ ਤੁਰੰਤ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਯਮਨ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਮਿਡਲ ਈਸਟ (ਮੱਧ ਪੂਰਬ) ਦੇ ਵਿਆਪਕ ਸੰਕਟ ਨਾਲ ਤੇਜ਼ੀ ਨਾਲ ਜੁੜਦਾ ਜਾ ਰਿਹਾ ਹੈ।
