ਰੂਸ ਮਗਰੋਂ ਹੁਣ ਯੂਕ੍ਰੇਨ ਨੇ ਵੀ ਦਾਗੀਆਂ ਮਿਜ਼ਾਈਲਾਂ ! ਤੇਲ ਰਿਫਾਈਨਰੀਆਂ ਨੂੰ ਬਣਾਇਆ ਨਿਸ਼ਾਨਾ

Thursday, Aug 06, 2026 - 06:15 PM (IST)

ਰੂਸ ਮਗਰੋਂ ਹੁਣ ਯੂਕ੍ਰੇਨ ਨੇ ਵੀ ਦਾਗੀਆਂ ਮਿਜ਼ਾਈਲਾਂ ! ਤੇਲ ਰਿਫਾਈਨਰੀਆਂ ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਯੂਕ੍ਰੇਨੀ ਫ਼ੌਜ ਨੇ ਰੂਸ ਦੇ ਅੰਦਰੂਨੀ ਇਲਾਕਿਆਂ 'ਚ ਸਥਿਤ ਕਈ ਤੇਲ ਰਿਫਾਇਨਰੀਆਂ 'ਤੇ ਡਰੋਨਾਂ ਨਾਲ ਸਫ਼ਲ ਹਮਲੇ ਕੀਤੇ ਹਨ। ਇਨ੍ਹਾਂ ਲਗਾਤਾਰ ਹਮਲਿਆਂ ਕਾਰਨ ਰੂਸ 'ਚ ਤੇਲ-ਗੈਸ ਦੀ ਕਿੱਲਤ ਪੈਦਾ ਹੋ ਰਹੀ ਹੈ।

ਜੇਲੇਂਸਕੀ ਅਨੁਸਾਰ, ਯੂਕ੍ਰੇਨੀ ਫ਼ੌਜ ਨੇ ਪੂਰਬੀ ਯੂਕ੍ਰੇਨ ਦੀ ਫਰੰਟ ਲਾਈਨ ਤੋਂ 1,300 ਕਿਲੋਮੀਟਰ ਦੂਰ 'ਬਸ਼ਕੋਰਤੋਸਤਾਨ' ਅਤੇ ਸਰਹੱਦ ਤੋਂ 700 ਕਿਲੋਮੀਟਰ ਦੂਰ 'ਯਾਰੋਸਲਾਵ' ਇਲਾਕੇ ਦੀਆਂ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ। ਤੇਲ ਰਿਫਾਇਨਰੀਆਂ ਤੋਂ ਇਲਾਵਾ, ਕਾਲੇ ਸਾਗਰ 'ਚ ਰੂਸ ਦੀਆਂ ਦੋ ਫ਼ੌਜੀ ਗਸ਼ਤੀ ਕਿਸ਼ਤੀਆਂ ਅਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਚਣ ਲਈ ਵਰਤੇ ਜਾਂਦੇ ਰੂਸ ਦੇ 'ਸ਼ੈਡੋ ਫਲੀਟ' 'ਤੇ ਵੀ ਹਮਲੇ ਕੀਤੇ ਗਏ।

ਦੂਜੇ ਪਾਸੇ, ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਏਅਰ ਡਿਫ਼ੈਂਸ ਸਿਸਟਮ ਨੇ ਕ੍ਰੀਮੀਆ, ਕਾਲੇ ਸਾਗਰ ਅਤੇ ਰੂਸੀ ਖੇਤਰਾਂ ਉੱਪਰੋਂ ਯੂਕ੍ਰੇਨ ਦੇ 605 ਡਰੋਨਾਂ ਨੂੰ ਤਬਾਹ ਕੀਤਾ ਹੈ। ਇਸ ਦੌਰਾਨ, ਰੂਸ ਵੱਲੋਂ ਯੂਕ੍ਰੇਨ 'ਤੇ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਅਤੇ ਗਲਾਈਡ ਬੰਬ ਹਮਲਿਆਂ ਵਿੱਚ ਘੱਟੋ-ਘੱਟ 3 ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ।

ਜੇਲੇਂਸਕੀ ਨੇ ਚਿੰਤਾ ਜਤਾਈ ਕਿ ਇਰਾਨ ਖੇਤਰ ਵਿੱਚ ਚੱਲ ਰਹੇ ਤਣਾਅ ਕਾਰਨ ਅਮਰੀਕਾ 'ਚ ਬਣੀਆਂ 'ਪੈਟ੍ਰਿਅਟ ਏਅਰ ਡਿਫ਼ੈਂਸ' ਮਿਜ਼ਾਈਲਾਂ ਦੀ ਸਪਲਾਈ ਘੱਟ ਗਈ ਹੈ। ਉਨ੍ਹਾਂ ਨੇ ਨਾਟੋ ਮੁਖੀ ਮਾਰਕ ਰੁੱਟੇ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤੁਰੰਤ ਇੰਟਰਸੈਪਟਰ ਮਿਜ਼ਾਈਲਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।


author

Harpreet SIngh

Content Editor

Related News