ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਸਾਂਝੇ ਰੱਖਿਆ ਸਮਝੌਤੇ ’ਤੇ ਕੀਤੇ ਦਸਤਖਤ

Monday, Aug 10, 2026 - 01:16 PM (IST)

ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਸਾਂਝੇ ਰੱਖਿਆ ਸਮਝੌਤੇ ’ਤੇ ਕੀਤੇ ਦਸਤਖਤ

ਇਸਲਾਮਾਬਾਦ - ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਇਕ ‘ਸਾਂਝੇ ਰੱਖਿਆ ਸਮਝੌਤੇ’ ’ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਇਨ੍ਹਾਂ ਤਿੰਨਾਂ ਦੇਸ਼ਾਂ ’ਚੋਂ ਕਿਸੇ ਇਕ ’ਤੇ ਵੀ ਹੋਇਆ ਹਮਲਾ ਤਿੰਨਾਂ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਦਫ਼ਤਰ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਸਾਊਦੀ ਅਰਬ ਦੇ ਸ਼ਹਿਜ਼ਾਦੇ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਐਰਦੋਗਾਨ ਨੇ ਮੱਕਾ ਵਿਚ ‘ਮੱਕਾ ਸਾਂਝਾ ਰੱਖਿਆ ਸਮਝੌਤਾ’ ’ਤੇ ਦਸਤਖਤ ਕੀਤੇ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਮੱਕਾ ਅਲ-ਮੁਕਰਮਾ ਸਾਂਝੇ ਰੱਖਿਆ ਸੰਮੇਲਨ ਦੌਰਾਨ ਹੋਇਆ ਇਹ ਸਮਝੌਤਾ ਕਿਸੇ ਵੀ ਹਮਲਾਵਰ ਕਾਰਵਾਈ ਖਿਲਾਫ਼ ਮਿਲ ਕੇ ਮੁਕਾਬਲਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ।

ਖ਼ਬਰਾਂ ਮੁਤਾਬਕ, ਪਾਕਿਸਤਾਨ ਸਮੇਤ 14 ਦੇਸ਼ਾਂ ਨੇ ਇਸ ਪਹਿਲਕਦਮੀ ਦਾ ਸਮਰਥਨ ਕੀਤਾ ਹੈ ਅਤੇ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਰਸਤਿਆਂ ਵਿਚੋਂ ਇਕ ਦੀ ਸੁਰੱਖਿਆ ਨੂੰ ਲੈ ਕੇ ਵਧਦੀਆਂ ਚਿੰਤਾਵਾਂ ’ਤੇ ਜ਼ੋਰ ਦਿੱਤਾ ਹੈ। ਨਾਲ ਹੀ ਪਾਕਿਸਤਾਨ ਨੇ ਪਿਛਲੇ ਹਫ਼ਤੇ ਕਿਹਾ ਕਿ ਉਹ 18 ਜੂਨ ਨੂੰ ਹੋਏ ਇਸਲਾਮਾਬਾਦ ਸਮਝੌਤੇ ਤਹਿਤ ਅਮਰੀਕਾ ਅਤੇ ਈਰਾਨ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਇਸਲਾਮਿਕ ਨਾਟੋ ਦੀ ਸੰਭਾਵਨਾ!

ਇਸ ਸਮਝੌਤੇ ਤਹਿਤ ਤਿੰਨੋਂ ਦੇਸ਼ ਸਾਂਝਾ ਸੈਨਿਕ ਅਭਿਆਸ ਕਰਨਗੇ, ਰੱਖਿਆ ਤਕਨਾਲੋਜੀ ਸਾਂਝੀ ਕਰਨਗੇ ਅਤੇ ਹਥਿਆਰ ਨਿਰਮਾਣ ਵਿਚ ਵੀ ਸਹਿਯੋਗ ਵਧਾਉਣਗੇ। ਨਾਲ ਹੀ ਗੁਪਤ ਜਾਣਕਾਰੀ (ਇੰਟੈਲੀਜੈਂਸ) ਦੇ ਆਦਾਨ-ਪ੍ਰਦਾਨ ਨੂੰ ਵੀ ਰਸਮੀ ਰੂਪ ਦਿੱਤਾ ਜਾਵੇਗਾ। ਇਹ ਢਾਂਚਾ ਪਹਿਲਾਂ ਤੋਂ ਮੌਜੂਦ ਪਾਕਿਸਤਾਨ-ਸਾਊਦੀ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ ਹੁਣ ਤੁਰਕੀ ਨੂੰ ਵੀ ਇਸ ਵਿਚ ਸ਼ਾਮਲ ਕਰੇਗਾ, ਜਿਸ ਨਾਲ ਇਹ ਇਕ ਤਿਕੋਣੀ ਸੁਰੱਖਿਆ ਤੰਤਰ ਬਣ ਜਾਵੇਗਾ। ਨਾਟੋ ਦੇਸ਼ਾਂ ਵਿਚ ਆਰਟੀਕਲ-5 ਤਹਿਤ ਕਿਸੇ ਵੀ ਇਕ ਦੇਸ਼ ’ਤੇ ਅਟੈਕ ਸਾਰਿਆਂ ’ਤੇ ਅਟੈਕ ਮੰਨਿਆ ਜਾਂਦਾ ਹੈ। ਸਾਊਦੀ ਅਰਬ ਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ ਹੋਇਆ ਸਮਝੌਤਾ ਵੀ ਕੁਝ ਅਜਿਹਾ ਹੀ ਹੈ।

‘ਮੱਕਾ ਸਾਂਝੇ ਰੱਖਿਆ ਸਮਝੌਤੇ’ ’ਤੇ ਭਾਰਤ ਦੀ ਨਜ਼ਰ

ਭਾਰਤ ਨੇ ਕਿਹਾ ਹੈ ਕਿ ਉਹ ਸਾਊਦੀ ਅਰਬ, ਤੁਰਕ ਅਤੇ ਪਾਕਿਸਤਾਨ ਵਿਚਾਲੇ ‘ਮੱਕਾ ਸਾਂਝੇ ਰੱਖਿਆ ਸਮਝੌਤੇ’ ਅਤੇ ਪਾਕਿਸਤਾਨ ਤੇ ਸੋਮਾਲੀਆ ਵਿਚਾਲੇ ਹਾਲ ਹੀ ਵਿਚ ਹੋਏ ਰੱਖਿਆ ਸਹਿਯੋਗ ਸਮਝੌਤੇ ਨਾਲ ਜੁੜੇ ਘਟਨਾਚੱਕਰਾਂ ’ਤੇ ‘ਬਾਰੀਕੀ ਨਾਲ ਨਜ਼ਰ’ ਰੱਖ ਰਿਹਾ ਹੈ। ਭਾਰਤ ਨੇ ਅਫਰੀਕੀ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਉਮੀਦ ਪ੍ਰਗਟਾਈ ਕਿ ਅਗਲਾ ਭਾਰਤ-ਅਫਰੀਕਾ ਸੰਮੇਲਨ ਆਪਸੀ ਸਹੂਲਤ ਵਾਲੀ ਤਾਰੀਖ ’ਤੇ ਆਯੋਜਿਤ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਰੱਖਿਆ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਸ ’ਤੇ ਸਾਡੀ ਨਜ਼ਰ ਹੈ।


author

cherry

Content Editor

Related News