ਹਾਂਡੂਰਾਨ ਦੀ ਪ੍ਰਵਾਸੀ ਜਨਾਨੀ ਨੇ ਮੈਕਸੀਕੋ-ਅਮਰੀਕੀ ਸਰਹੱਦ ਪੁਲ਼ ''ਤੇ ਦਿੱਤਾ ਬੱਚੇ ਨੂੰ ਜਨਮ
Tuesday, Jan 05, 2021 - 12:45 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਰਾਹੀਂ ਮੈਕਸੀਕੋ ਤੋਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਵਿਚ ਜਨਾਨੀਆਂ ਦੀ ਵੀ ਵੱਡੀ ਗਿਣਤੀ ਸ਼ਾਮਲ ਹੁੰਦੀ ਹੈ।
ਇਸੇ ਤਰ੍ਹਾਂ ਦੇ ਮਾਮਲੇ ਵਿਚ ਮੈਕਸੀਕਨ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਕਿਹਾ ਕਿ ਇਕ ਹਾਂਡੂਰਾਨ ਦੀ ਔਰਤ ਨੇ ਮੈਟਾਮੋਰੋਸ ਨੂੰ ਟੈਕਸਸ ਦੇ ਬਰਾਉਨਵਿਲ ਨਾਲ ਜੋੜਦੇ ਸਰਹੱਦੀ ਪੁਲ਼ ਦੀ ਮੈਕਸੀਕਨ ਸਾਈਡ 'ਤੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਜਨਾਨੀ ਜ਼ਾਹਰ ਤੌਰ 'ਤੇ ਸੰਯੁਕਤ ਰਾਜ ਦੇ ਪਾਸੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲ 'ਤੇ ਪਹੁੰਚਦੇ ਹੀ ਅਚਾਨਕ ਬੀਮਾਰ ਮਹਿਸੂਸ ਹੋਣ 'ਤੇ ਮੈਕਸੀਕਨ ਸਾਈਡ 'ਤੇ ਪੈਦਲ ਚੱਲਣ ਵਾਲੇ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ।
ਇਸ ਦੀ ਪਛਾਣ 24 ਸਾਲਾ ਲੀਡੀ ਹਰਨੇਂਡੇਜ਼ ਵਜੋਂ ਹੋਈ ਹੈ। ਮੈਕਸੀਕੋ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਦੁਪਹਿਰ ਇਗਨਾਸੀਓ ਜ਼ਰਾਗੋਜ਼ਾ ਸਰਹੱਦੀ ਪੁਲ਼ 'ਤੇ ਵਾਪਰੀ ਹੈ, ਜਿਸ ਨੂੰ "ਲਾਸ ਟੋਮੈਟਸ" ਵੀ ਕਿਹਾ ਜਾਂਦਾ ਹੈ।
ਅਧਿਕਾਰੀਆਂ ਅਨੁਸਾਰ ਇਸ ਜਨਾਨੀ ਨੂੰ ਮੈਟਾਮੋਰੋਸ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੁਫਤ ਦੇਖਭਾਲ ਕੀਤੀ ਗਈ ਅਤੇ ਅਧਿਕਾਰੀਆਂ ਅਨੁਸਾਰ ਉਸ ਦੇ ਬੱਚੇ ਨੂੰ ਮੈਕਸੀਕਨ ਨਾਗਰਿਕਤਾ ਲੈਣ ਦਾ ਅਧਿਕਾਰ ਹੋਵੇਗਾ। ਇਹ ਮਹਿਲਾ ਹਰਨੇਂਡੇਜ 800 ਦੇ ਲਗਭਗ ਪ੍ਰਵਾਸੀਆਂ ਵਿਚ ਸ਼ਾਮਲ ਸੀ ਜੋ ਇਕ ਰਿਵਰਸਾਈਡ ਕੈਂਪ ਵਿਚ ਪਨਾਹ ਲੈ ਰਹੇ ਸਨ, ਜਦੋਂਕਿ ਉਨ੍ਹਾਂ ਦੇ ਪਨਾਹ ਜਾਂ ਵੀਜ਼ਾ ਦੇ ਦਾਅਵਿਆਂ ਬਾਰੇ ਸੰਯੁਕਤ ਰਾਜ ਦੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ।