ਹਾਂਗਕਾਂਗ ’ਚ ਫਿਰ ਸ਼ੁਰੂ ਹੋਈਆਂ ਹਿੰਸਕ ਝੜਪਾਂ

09/15/2019 8:47:42 AM

ਫੋਟ੍ਰੈੱਸ ਹਿਲ- ਹਾਂਗਕਾਂਗ ’ਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸ਼ਨੀਵਾਰ ਨੂੰ ਇਕ ਵਾਰ ਫਿਰ ਸਿਆਸੀ ਵਿਰੋਧੀ ਇਕ ਮਾਲ ਦੇ ਅੰਦਰ ਇਕ-ਦੂਸਰੇ ਨਾਲ ਲੜਦੇ-ਝਗੜਦੇ ਦਿਸੇ। ਇਸ ਦੌਰਾਨ ਚੀਨ ਦੇ ਸਮਰਥਕ ਸੜਕਾਂ ’ਤੇ ਉਤਰੇ ਵਿਰੋਧੀਆਂ ’ਤੇ ਹਮਲਾ ਕਰਨ ਲਈ ਚੀਨੀ ਝੰਡੇ ਦੀ ਵਰਤੋਂ ਕਰਦੇ ਨਜ਼ਰ ਆਏ। ਇਸ ਦੇ ਨਾਲ ਲੋਕਤੰਤਰ ਦੇ ਪੱਖ ’ਚ ਮਹੀਨਿਆਂ ਤੋਂ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ’ਚ ਫੈਲਿਆ ਧੁਰਵੀਕਰਨ ਹੋਰ ਵਧ ਗਿਆ। ਇਕ ਸਮੇਂ ’ਚ ਸਥਿਰ ਰਿਹਾ ਇਹ ਕੌਮਾਂਤਰੀ ਕੇਂਦਰ ਪਿਛਲੇ ਕਈ ਹਫਤਿਆਂ ਤੋਂ ਵਿਸ਼ਾਲ ਅਤੇ ਕਈ ਵਾਰ ਹਿੰਸਕ ਰੈਲੀਆਂ ਨਾਲ ਜੂਝ ਰਿਹਾ ਹੈ ਜਿਸ ਵਿਚ ਜ਼ਿਆਦਾਤਰ ਲੋਕਤੰਤਰਿਕ ਆਜ਼ਾਦੀ ਅਤੇ ਸਿਆਸੀ ਜਵਾਬਦੇਹੀ ਤੈਅ ਕੀਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਬ੍ਰਿਟੇਨ ਵਲੋਂ 1997 ’ਚ ਸ਼ਹਿਰ ਨੂੰ ਸੌਂਪੇ ਜਾਣ ਤੋਂ ਬਾਅਦ ਇਹ ਅੰਦੋਲਨ ਚੀਨ ਦੇ ਰਾਜ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਇਸ ਅੰਦੋਲਨ ਦੇ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ, ਜਿਥੇ ਸ਼ਹਿਰ ਦੇ ਨੇਤਾ ਅਤੇ ਚੀਨ ਦੋਵੇਂ ਹੀ ਸਖ਼ਤ ਰੁਖ ਅਪਨਾਏ ਹੋਏ ਹਨ। ਲੋਕਤੰਤਰ ਸਮਰਥਕਾਂ ਵਲੋਂ ਅਚਾਨਕ ਇਕੱਠੇ ਵਿਰੋਧ ਪ੍ਰਦਰਸ਼ਨ ਦਾ ਪ੍ਰਸਿੱਧ ਗੀਤ ਗਾਉਣਾ ਸ਼ੁਰੂ ਕਰਨ ਅਤੇ ਇਸ ਦੇ ਜਵਾਬ ’ਚ ਚੀਨ ਦੇ ਸਮਰਥਕਾਂ ਵਲੋਂ ਰਾਸ਼ਟਰਗਾਨ ਗਾਉਣ ਲਈ ਸਭਾ ਆਯੋਜਿਤ ਕੀਤੇ ਜਾਣ ਦੌਰਾਨ ਇਨ੍ਹਾਂ ਝੜਪਾਂ ’ਚ ਵਾਧਾ ਹੋਣ ਲੱਗਾ।

ਫੋਟ੍ਰੈੱਸ ਹਿਲ ਜ਼ਿਲੇ ’ਚ ਚੀਨੀ ਝੰਡਾ ਲਹਿਰਾਉਂਦੇ ਹੋਏ ਅਤੇ ਨੀਲੇ ਰੰਗ ਦੀ ਕਮੀਜ਼ ਪਹਿਨੀ ਹੋਏ, ਜਿਸ ’ਤੇ ‘ਆਈ ਲਵ ਹਾਂਗਕਾਂਗ ਪੁਲਸ’ ਲਿਖਿਆ ਹੋਇਆ ਸੀ, ਮਰਦਾਂ ਦੇ ਇਕ ਸਮੂਹ ਨੇ ਲੋਕਤੰਤਰ ਸਮਰਥਕ ਮੰਨੇ ਜਾ ਰਹੇ ਲੋਕਾਂ ’ਤੇ ਹਮਲਾ ਕੀਤਾ। ਆਨਲਾਈਨ ਪੋਸਟ ਕੀਤੇ ਗਏ ਕਈ ਵੀਡੀਓ ’ਚ ਲੋਕਾਂ ਦੇ ਇਕ ਸਮੂਹ ਨੂੰ ਝੰਡਿਆਂ ਅਤੇ ਲੱਤਾਂ-ਮੁੱਕਿਆਂ ਨਾਲ ਦੂਸਰੇ ਸਮੂਹ ’ਤੇ ਹਮਲਾ ਕਰਦੇ ਦੇਖਿਆ। ਪੀੜਤ ਸਮੂਹ ’ਚ ਜ਼ਿਆਦਾਤਰ ਨੌਜਵਾਨ ਸ਼ਾਮਲ ਸਨ। ਹਾਂਗਕਾਂਗ ਪੁਲਸ ਵਲੋਂ ਘਟਨਾ ’ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਫੋਟ੍ਰੈੱਸ ਹਿਲ ਤੋਂ ਇਲਾਵਾ ਅਮੋਯ ਪਲਾਜ਼ਾ ’ਚ ਵੀ ਚੀਨ ਸਮਰਥਕਾਂ ਅਤੇ ਲੋਕਤੰਤਰ ਦੇ ਪੱਖੀਆਂ ਵਿਚਾਲੇ ਝੜਪਾਂ ਹੋਈਆਂ। ਮੌਕੇ ’ਤੇ ਮੌਜੂਦ ਇਕ ਫੋਟੋਗ੍ਰਾਫਰ ਨੇ ਕਿਹਾ ਕਿ ਲਗਭਗ 200 ਲੋਕਾਂ ਨੇ ਉਥੇ ਇਕੱਠੇ ਹੋ ਕੇ ਚੀਨੀ ਝੰਡਾ ਲਹਿਰਾਇਆ ਅਤੇ ਰਾਸ਼ਟਰਗਾਨ ਗਾਇਆ। ਹਿੰਸਾ ਉਸ ਸਮੇਂ ਸ਼ੁਰੂ ਹੋਈ, ਜਦੋਂ ਲੋਕਤੰਤਰ ਸਮਰਥਕ ਮੌਕੇ ’ਤੇ ਪਹੁੰਚੇ ਅਤੇ ਟਕਰਾਉਣ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਲੋਕ ਲਹੂ ਲੁਹਾਨ ਨਜ਼ਰ ਆਏ।


Related News