ਅੱਠ ਪ੍ਰਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਘਰਾਂ ਦੀ ਵਿਕਰੀ 59 ਫੀਸਦੀ ਵਧੀ
Tuesday, Oct 19, 2021 - 11:25 AM (IST)
ਨਵੀਂ ਦਿੱਲੀ–ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ’ਚ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 59 ਫੀਸਦੀ ਵਧ ਕੇ 55,907 ਇਕਾਈ ’ਤੇ ਪਹੁੰਚ ਗਈ। ਪ੍ਰਾਪਟਾਈਗਰ. ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੀ ਯਾਨੀ ਜੂਨ ਤਿਮਾਹੀ ਦੀ ਤੁਲਨਾ ’ਚ ਸਤੰਬਰ ਤਿਮਾਹੀ ’ਚ ਘਰਾਂ ਦੀ ਮੰਗ ਤਿੰਨ ਗੁਣਾ ਵਧ ਗਈ ਹੈ। ਰਿਹਾਇਸ਼ੀ ਬ੍ਰੋਕਰੇਜ਼ ਕੰਪਨੀ ਪ੍ਰਾਪਟਾਈਗਰ.ਕਾਮ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਜਾਇਦਾਦ ਬਾਜ਼ਾਰ ’ਚ ਹੁਣ ਸੁਧਾਰ ਹੋ ਰਿਹਾ ਹੈ। ਪਿਛਲੇ ਸਾਲ ਜੁਲਾਈ-ਸਤੰਬਰ ’ਚ ਘਰਾਂ ਦੀ ਵਿਕਰੀ 35,132 ਇਕਾਈ ਅਤੇ ਇਸ ਸਾਲ ਜੂਨ ਤਿਮਾਹੀ ’ਚ 15,968 ਇਕਾਈ ਰਹੀ ਸੀ।
ਇਹ ਵੱਖ-ਵੱਖ ਜਾਇਦਾਦ ਸਲਾਹਕਾਰਾਂ ਦੀ ਰਿਹਾਇਸ਼ੀ ਵਿਕਰੀ ’ਤੇ ਚੌਥੀ ਤਿਮਾਹੀ ਰਿਪੋਰਟ ਹੈ। ਸਾਰੀਆਂ ਰਿਪੋਰਟ ਦਰਸਾਉਂਦੀਆਂ ਹਨ ਕਿ ਜੁਲਾਈ-ਸਤੰਬਰ ’ਚ ਘਰਾਂ ਦੀ ਵਿਕਰੀ ਸਾਲਾਨਾ ਅਤੇ ਤਿਮਾਹੀ ਆਧਾਰ ’ਤੇ ਵਧੀ ਹੈ। ਹਾਊਸਿੰਗ.ਕਾਮ, ਪ੍ਰਾਪਟਾਈਗਰ.ਕਾਮ ਅਤੇ ਮਕਾਨ.ਕਾਮ ਦੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਧਰੁਵ ਅੱਗਰਵਾਲ ਨੇ ਕਿਹਾ ਕਿ ਹੇਠਲੀਆਂ ਵਿਆਜ ਦਰਾਂ, ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ’ਚ ਕਮੀ ਅਤੇ ਕੋਵਿਡ ਮਹਾਮਾਰੀ ਦਰਮਿਆਨ ਆਪਣਾ ਘਰ ਖਰੀਦਣ ਦੀ ਧਾਰਨਾ ਕਾਰਨ ਵਿਕਰੀ ’ਚ ਸੁਧਾਰ ਹੋਇਆ ਹੈ। ਪ੍ਰਾਪਟਾਈਗਰ ਮੁਤਾਬਕ ਜੁਲਾਈ-ਸਤੰਬਰ ਤਿਮਾਹੀ ’ਚ ਅਹਿਮਦਾਬਾਦ ’ਚ ਘਰਾਂ ਦੀ ਵਿਕੀਰ 64 ਫੀਸਦੀ ਵਧ ਕੇ 5,483 ਇਕਾਈ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 3,339 ਇਕਾਈ ਰਹੀ ਸੀ। ਬੇਂਗਲੁਰੂ ’ਚ ਇਹ 36 ਫੀਸਦੀ ਵਧ ਕੇ 4,825 ਇਕਾਈ ਤੋਂ 6,547 ਇਕਾਈ ’ਤੇ ਪਹੁੰਚ ਗਈ। ਚੇਨਈ ’ਚ ਘਰਾਂ ਦੀ ਵਿਕਰੀ ਦੁੱਗਣੀ ਹੋ ਕੇ 4,665 ਇਕਾਈ ’ਤੇ ਪਹੁੰਚ ਗਈ। ਉੱਥੇ ਹੀ ਦਿੱਲੀ-ਐੱਨ. ਸੀ. ਆਰ. ਦੇ ਬਾਜ਼ਾਰ ’ਚ ਘਰਾਂ ਦੀ ਵਿਕਰੀ 4,458 ਇਕਾਈ ’ਤੇ ਲਗਭਗ ਸਥਿਰ ਰਹੀ।
ਪਿਛਲੇ ਸਾਲ ਇਸੇ ਮਿਆਦ ’ਚ ਇੱਥੇ ਘਰਾਂ ਦੀ ਵਿਕਰੀ 4,427 ਇਕਾਈ ਰਹੀ ਸੀ। ਹੈਦਰਾਬਾਦ ’ਚ ਘਰਾਂ ਦੀ ਵਿਕਰੀ ਦੁੱਗਣੀ ਹੋ ਕੇ 7,812 ਇਕਾਈ ਰਹੀ। ਕੋਲਕਾਤਾ ’ਚ ਇਹ 7 ਫੀਸਦੀ ਦੇ ਵਾਧੇ ਨਾਲ 2,651 ਇਕਾਈ ਰਹੀ। ਮੁੰਬਈ ’ਚ ਘਰਾਂ ਦੀ ਵਿਕਰੀ 92 ਫੀਸਦੀ ਵਧ ਕੇ 7,378 ਇਕਾਈ ਤੋਂ 14,163 ਇਕਾਈ ’ਤੇ ਪਹੁੰਚ ਗਈ। ਪੁਣੇ ’ਚ ਘਰਾਂ ਦੀ ਵਿਕਰੀ ’ਚ 43 ਫੀਸਦੀ ਦਾ ਵਾਧਾ ਹੋਇਆ ਅਤੇ ਇਹ 10,128 ਇਕਾਈ ਰਹੀ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 7,107 ਇਕਾਈ ਰਹੀ ਸੀ।